RSS ਖਿਲਾਫ ਡਟੀਆਂ ਸਿੱਖ ਜਥੇਬੰਦੀਆਂ, ਪੂਰੇ ਦੇਸ਼ 'ਚ ਅੰਦੋਲਨ ਦਾ ਐਲਾਨ
ਏਬੀਪੀ ਸਾਂਝਾ | 24 Oct 2017 04:19 PM (IST)
ਚੰਡੀਗੜ੍ਹ: ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਆਰ.ਐਸ.ਐਸ. ਖਿਲਾਫ ਪੂਰੇ ਭਾਰਤ 'ਚ ਅੰਦੋਲਨ ਦਾ ਐਲਾਨ ਕਰਦਿਆਂ ਕਿਹਾ ਕਿ ਆਰ.ਐਸ.ਐਸ. ਖਿਲਾਫ ਲੜਾਈ ਸੰਵਿਧਾਨਕ ਆਜ਼ਾਦੀ ਦੀ ਹੈ ਜੋ ਇਨ੍ਹਾਂ ਦੇ ਡੰਡੇ ਅਧੀਨ ਕੁਚਲੀ ਜਾ ਰਹੀ ਹੈ। ਇਸ ਲਈ ਮਨੂਵਾਦੀ ਸਿਸਟਮ ਨੂੰ ਰੱਦ ਕਰੀਏ ਜੋ ਇਹ ਜਮਾਤ ਸਾਡੇ 'ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਅਕਤੂਬਰ ਨੂੰ ਤਾਲਕੋਟਰਾ ਸਟੇਡੀਅਮ ਦਿੱਲੀ ਵਿੱਚ ਕਰਵਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਜਿਹੜਾ ਸਿੱਖ ਤੇ ਵਿਸ਼ੇਸ਼ ਸਿੱਖ ਸ਼ਖਸੀਅਤ ਇਸ ਵਿੱਚ ਸ਼ਮੂਲੀਅਤ ਕਰੇਗੀ, ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ, ਭਾਵੇਂ ਉਹ ਕਿਸੇ ਵੀ ਵੱਡੇ ਅਹੁਦੇ 'ਤੇ ਹੋਵੇ। ਉਨ੍ਹਾਂ ਕਿਹਾ ਕਿ 2004 ਵਿਚ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਰ.ਐਸ.ਐਸ. ਦੇ ਬਾਈਕਾਟ ਲਈ ਹੁਕਮਨਾਮਾ ਜਾਰੀ ਕੀਤਾ ਸੀ, ਪਰ ਬਾਦਲ ਆਰ.ਐਸ.ਐਸ. ਤੇ ਭਾਜਪਾ ਨਾਲ ਸਾਂਝ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਪੰਥ ਨੂੰ ਚੁਣੌਤੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹੁਕਮਨਾਮੇ ਨੂੰ ਲੈ ਕੇ ਵਾਰ-ਵਾਰ ਝੂਠ ਬੋਲਣਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਉਸ ਨੇ ਖਾਲਸਾ ਪੰਥ ਦੀ ਪਹਿਰੇਦਾਰੀ ਕਰਨ ਦੀ ਬਜਾਏ ਬਾਦਲ ਪਰਿਵਾਰ ਨੇ ਨਾਗਪੁਰ ਦੇ ਤਿਲਕਧਾਰੀਆਂ ਨੂੰ ਆਪਣੀ ਜ਼ਮੀਰ ਵੇਚੀ ਹੈ।