ਅੰਮ੍ਰਿਤਸਰ: ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਖੰਡਨ ਕੀਤਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਬੀਤੇ ਕੱਲ੍ਹ ਇਹ ਕਿਹਾ ਸੀ ਕਿ ਸਿੱਖ ਗੁਰੂ ਸਾਹਿਬਾਨ ਸਭ ਦੇ ਸਾਂਝੇ ਹਨ ਕਿਉਂਕਿ ਉਨ੍ਹਾਂ ਸਮੁੱਚੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਇਸ 'ਤੇ ਛਪੀ ਇੱਕ ਖਬਰ ਨੂੰ ਗ਼ਲਤ ਠਹਿਰਾਉਂਦਿਆਂ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਕਿਸੇ ਸੰਮੇਲਨ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ।
ਉਨ੍ਹਾਂ ਕਿਹਾ ਕਿ 2004 ਵਿੱਚ ਰਾਸ਼ਟਰੀ ਸਿੱਖ ਸੰਗਤ ਬਾਰੇ ਅਕਾਲ ਤਖ਼ਤ ਤੋਂ ਜਾਰੀ ਸੰਦੇਸ਼ ਨੂੰ ਅੱਜ ਵੀ ਹੁਕਮ ਵਾਂਗ ਮੰਨਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਬਾਰੇ ਜੋ ਵੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਦੱਸ ਦੇਈਏ ਕਿ ਭਲਕੇ 25 ਅਕਤੂਬਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਰਪ੍ਰਸਤੀ ਵਾਲੀ ਰਾਸ਼ਟਰੀ ਸਿੱਖ ਸੰਗਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਮੌਕੇ ਇੱਕ ਸਮਾਗਮ ਵਿੱਚ ਤਖ਼ਤ ਪਟਨਾ ਸਾਹਿਬ ਦੇ ਜੱਥੇਦਾਰ ਤੋਂ ਇਲਾਵਾ ਹੋਰਨਾਂ ਸਿੱਖ ਆਗੂਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ।
ਅਕਾਲ ਤਖ਼ਤ ਵੱਲੋਂ 2004 ਵਿੱਚ ਹੀ ਸਾਰੀ ਸਿੱਖ ਕੌਮ ਨੂੰ ਇਹ ਸੰਦੇਸ਼ ਦੇ ਦਿੱਤਾ ਗਿਆ ਸੀ ਕਿ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਸੀ।