ਗੁਰਦਾਸਪੁਰ: ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਮਾਸਟਰ ਜੌਹਰ ਸਿੰਘ ਨੂੰ ਇਲਾਕੇ ਦੀਆਂ ਸੰਗਤਾਂ ਨੇ ਖੂਬ ਕੁਟਾਪਾ ਚਾੜ੍ਹਿਆ। ਪ੍ਰਬੰਧਾਂ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵਿੱਚ ਭਾਰੀ ਤਣਾਅ ਪਾਇਆ ਜਾ ਰਿਹਾ ਸੀ।
ਇਹ ਵਿਵਾਦ ਉਸ ਵੇਲੇ ਗੰਭੀਰ ਰੂਪ ਧਾਰ ਗਿਆ ਜਦੋ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਕਮਰੇ 'ਚ ਸੁੱਤੇ ਹੋਏ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਇਲਾਕੇ ਦੀਆਂ ਔਰਤਾਂ ਅਤੇ ਮਰਦਾਂ ਨੇ ਘੜੀਸ ਕੇ ਉਪਰਲੀ ਮੰਜਿਲ ਤੋਂ ਹੇਠਾਂ ਲਿਆਂਦਾ। ਇਸ ਘਟਨਾ ਦੀ ਨਾਲੋਂ ਨਾਲ ਬਣੀ ਵੀਡੀਓ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਸਾਬਕਾ ਪ੍ਰਧਾਨ ਦੀ ਰੋਹ ਚ ਆਈ ਸੰਗਤ ਨੇ ਖੂਬ ਕੁੱਟ ਮਾਰ ਕੀਤੀ ਅਤੇ ਉਸਦੇ ਕਪੜੇ ਪਾੜਨ ਤੋਂ ਇਲਾਵਾ ਕਾਫੀ ਕੁੱਟਮਾਰ ਕੀਤੀ ਹੈ।
ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਇੰਸਪੈਕਟਰ ਦਿਲਬਾਗ ਸਿੰਘ ਅਤੇ ਹੋਰ ਅਧਿਕਾਰੀ ਮੌਕੇ 'ਤੇ ਬਹੁਤ ਦੇਰ ਨਾਲ ਪਹੁੰਚੇ। ਹਮਲਾਵਰ ਲੋਕ ਪੁਲਿਸ ਦੇ ਆਉਣ ਤੋਂ ਪਹਿਲਾਂ ਮੌਕੇ ਤੋਂ ਫਰਾਰ ਹੋ ਗਏ।ਇਹ ਵੀ ਖਬਰ ਹੈ ਕਿ ਹਮਲਾਵਰਾਂ ਚੋਂ ਵੀ ਦੋ ਜਣੇ ਗੰਭੀਰ ਜ਼ਖਮੀ ਹੋਏ ਹਨ।ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਘਟਨਾ ਦਾ ਜਾਇਜ਼ਾ ਲਿਆ ਹੈ।ਇਸ ਘਟਨਾ ਦੀ ਬਣੀ ਵੀਡੀਓ ਵੀ ਕੁੱਝ ਪਲਾਂ ਚ ਹੀ ਸੋਸਲ ਮੀਡੀਆ ਤੇ ਵਾਇਰਲ ਹੋ ਗਈ।