ਚੰਡੀਗੜ੍ਹ : ਸੂਬੇ ਦੇ 215 ਐਜੂਕੇਸ਼ਨ ਕਾਲਜਾਂ ਵਿੱਚ ਖ਼ਾਲੀ ਪਈਆਂ ਬੀਐੱਡ ਦੀਆਂ 9206 ਸੀਟਾਂ ਭਰਨ ਲਈ ਉੱਚ ਸਿੱਖਿਆ ਵਿਭਾਗ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਇਕ ਹੋਰ ਸਾਂਝੀ ਦਾਖ਼ਲਾ ਪ੍ਰੀਖਿਆ ਲੈਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਇਕ ਦਾਖ਼ਲਾ ਪ੍ਰੀਖਿਆ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਵਿਭਾਗ ਨੇ ਯੂਨੀਵਰਸਿਟੀ ਨੂੰ ਹਾਈ ਕੋਰਟ ਦੀ ਸਮਾਂ ਹੱਦ 31 ਅਕਤੂਬਰ ਤੋਂ ਪਹਿਲਾਂ ਖ਼ਾਲੀ ਸੀਟਾਂ ਭਰਨ ਲਈ ਦਾਖ਼ਲਾ ਪ੍ਰਕਿਰਿਆ ਮੁਕੰਮਲ ਕਰਨ ਲਈ ਕਿਹਾ ਹੈ।
ਕੁਝ ਪ੍ਰਾਈਵੇਟ ਕਾਲਜਾਂ ਨੇ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖ਼ਲ ਕਰ ਕੇ ਸੂਬਾ ਸਰਕਾਰ ਨੂੰ ਖ਼ਾਲੀ ਪਈਆਂ 9206 ਬੀਐੱਡ ਸੀਟਾਂ ਭਰਨ ਲਈ ਆਦੇਸ਼ ਦੇਣ ਦੀ ਮੰਗ ਕੀਤੀ ਸੀ। ਇਸ ਉਤੇ ਅਦਾਲਤ ਨੇ ਉੱਚ ਸਿੱਖਿਆ ਵਿਭਾਗ ਨੂੰ ਦੁਬਾਰਾ ਦਾਖ਼ਲਾ ਪ੍ਰੀਖਿਆ ਕਰਵਾਉਣ ਦਾ ਆਦੇਸ਼ ਦਿੱਤਾ। ਹੁਣ ਇਸ ਆਦੇਸ਼ ਅਨੁਸਾਰ ਵਿਭਾਗ ਨੇ ਅੱਜ ਪੰਜਾਬ ਯੂਨੀਵਰਸਿਟੀ ਨੂੰ ਸਾਂਝੀ ਦਾਖ਼ਲਾ ਪ੍ਰੀਖਿਆ ਕਰਵਾਉਣ ਲਈ ਕਿਹਾ ਅਤੇ ਇਹ ਪ੍ਰਕਿਰਿਆ ਅਗਲੇ ਅੱਠ ਦਿਨਾਂ ਵਿੱਚ ਮੁਕੰਮਲ ਕਰਨ ਲਈ ਆਖਿਆ।
ਪੰਜਾਬ ਵਿੱਚ ਤਿੰਨ ਸਰਕਾਰੀ ਅਤੇ 14 ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਸਣੇ ਕੁੱਲ 215 ਬੀਐੱਡ ਕਾਲਜ ਹਨ, ਜਿਨ੍ਹਾਂ ਵਿੱਚ ਬੀਐੱਡ ਦੀਆਂ ਕੁੱਲ 23,790 ਸੀਟਾਂ ਹਨ। ਇਹ ਸੀਟਾਂ ਭਰਨ ਲਈ ਜੁਲਾਈ 2017 ਵਿੱਚ ਪੰਜਾਬ ਯੂਨੀਵਰਸਿਟੀ ਨੇ ਸਾਂਝਾ ਦਾਖ਼ਲਾ ਪ੍ਰੀਖਿਆ ਕਰਵਾਈ ਸੀ ਪਰ ਇਸ ਵਿੱਚ ਸਿਰਫ਼ 16,644 ਉਮੀਦਵਾਰ ਹੀ ਬੈਠੇ। ਇਸ ਮਗਰੋਂ ਖ਼ਾਲੀ ਸੀਟਾਂ ਭਰਨ ਲਈ ਕੁਝ ਕਾਲਜਾਂ ਨੇ ਹਾਈ ਕੋਰਟ ਕੋਲ ਪਹੁੰਚ ਕਰ ਕੇ ਦਾਖ਼ਲਿਆਂ ਦੀ ਆਖ਼ਰੀ ਮਿਤੀ ਵਧਾਉਣ ਦੀ ਮੰਗ ਕੀਤੀ।