ਬਠਿੰਡਾ: ਪੰਜਾਬੀ ਮਾਂ ਬੋਲੀ ਨੂੰ ਸੜਕਾਂ ਦੇ ਸੂਚਨਾ ਬੋਰਡਾਂ 'ਤੇ ਸਭ ਤੋਂ ਹੇਠਾਂ ਲਿਖੇ ਜਾਣ ਦੇ ਰੋਸ ਵਿੱਚ ਅੰਗਰੇਜ਼ੀ ਤੇ ਹਿੰਦੀ ਨੂੰ ਕਾਲੀ ਕੂਚੀ ਫੇਰ ਕੇ ਢੱਕਣ ਕਾਰਨ 142 ਵਿਅਕਤੀਆਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ 'ਤੇ ਸਰਕਾਰੀ ਜਾਇਦਾਦ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹਨ।
ਇਸ ਮੁਹਿੰਮ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਜੋ ਵੀ ਕੇਸ ਕੀਤੇ ਗਏ ਹਨ, ਉਹ ਉਨ੍ਹਾਂ ਵਿੱਚੋਂ ਜ਼ਮਾਨਤ ਨਹੀਂ ਲੈਣਗੇ ਤੇ ਪ੍ਰਸ਼ਾਸਨ ਬੇਸ਼ੱਕ ਉਨ੍ਹਾਂ ਨੂੰ ਜੇਲ੍ਹ ਭੇਜ ਦੇਵੇ।
ਦੂਜੇ ਪਾਸੇ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਇਸ ਮੁਹਿੰਮ ਤੇ ਪੰਜਾਬ ਵਿੱਚ ਇਸ ਦੇ ਪ੍ਰਤੀਕਰਮ ਤੇ ਸਮਰਥਨ ਨੂੰ ਵੇਖਦਿਆਂ ਲੋਕ ਨਿਰਮਾਣ ਵਿਭਾਗ ਨੇ 10 ਨਵੰਬਰ ਤਕ ਸਾਰੇ ਸੂਚਨਾ ਬੋਰਡਾਂ ਨੂੰ ਬਦਲਣ ਦੀ ਗੱਲ ਕਹੀ ਹੈ। ਵਿਭਾਗ ਨੇ ਇਸ ਬਾਰੇ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਆਦਿ ਵੀ ਹਾਸਲ ਕਰ ਲਈਆਂ ਹਨ ਤੇ 10 ਨਵੰਬਰ ਤੋਂ ਉਹ ਬੋਰਡ ਲਾਏ ਜਾਣਗੇ ਜਿਨ੍ਹਾਂ ਵਿੱਚ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਵੇਗੀ।