ਚੰਡੀਗੜ੍ਹ: ਸਿੱਖ ਜਥੇਬੰਦੀਆਂ ਸਾਂਝੇ ਮੁੱਦਿਆਂ ਨੂੰ ਲੈ ਕੇ ਇੱਕ ਮੰਚ ’ਤੇ ਇਕੱਠੇ ਹੋਣ ਲਈ ਹੰਭਲਾ ਮਾਰ ਰਹੀਆਂ ਹਨ। ਇਸ ਬਾਰੇ ਭਲਕੇ 26 ਜੁਲਾਈ ਨੂੰ ਚੰਡੀਗੜ੍ਹ ਸਥਿਤ ਕਿਸਾਨ ਭਵਨ ’ਚ ਮੀਟਿੰਗ ਸੱਦੀ ਗਈ ਹੈ। ਇਨ੍ਹਾਂ ਸਿੱਖ ਜਥੇਬੰਦੀਆ ਵਿੱਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ (ਗੁਰਦੀਪ ਸਿੰਘ ਬਠਿੰਡਾ) ਸ਼ਾਮਲ ਹਨ।
ਇਨ੍ਹਾਂ ਤਿੰਨ ਜਥੇਬੰਦੀਆਂ ਵੱਲੋਂ ਪੰਜਾਬ ਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਤੇ ਹੋਰ ਭਖਦੇ ਮਸਲਿਆਂ ਨੂੰ ਵਿਚਾਰਨ ਲਈ ਸਾਂਝੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਕਾਲੀ ਦਲ ਟਕਸਾਲੀ, ਬਸਪਾ, ਬਹੁਜਨ ਮੁਕਤੀ ਮੋਰਚਾ, ਨਵਾਂ ਪੰਜਾਬ ਪਾਰਟੀ (ਧਰਮਵੀਰ ਗਾਂਧੀ), ਅਕਾਲੀ ਦਲ ਦਿੱਲੀ ਤੇ ਹੋਰ ਵਿਦਿਆਰਥੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਹੈ।
ਇਸੇ ਤਰ੍ਹਾਂ ਕੁਝ ਹੋਰ ਅਹਿਮ ਸਿੱਖ ਸ਼ਖਸੀਅਤਾਂ ਨੂੰ ਵੀ ਮੀਟਿੰਗ ਲਈ ਸੱਦਾ ਭੇਜਿਆ ਹੈ, ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸੁਖਦੇਵ ਸਿੰਘ ਭੌਰ, ਮੌਜੂਦਾ ਮੈਂਬਰ ਕਰਨੈਲ ਸਿੰਘ ਪੰਜੋਲੀ, ਰਾਜਵਿੰਦਰ ਸਿੰਘ ਬੈਂਸ, ਹਰਸਿਮਰਨ ਸਿੰਘ ਅਨੰਦਪੁਰ, ਨਰਾਇਣ ਸਿੰਘ, ਮਨਧੀਰ ਸਿੰਘ, ਸਾਬਕਾ ਸਕੱਤਰ ਹਰਚਰਨ ਸਿੰਘ ਸ਼ਾਮਲ ਹਨ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਮੁਤਾਬਕ ਇਹ ਸਾਰੀਆਂ ਜਥੇਬੰਦੀਆਂ ਘੱਟੋ-ਘੱਟ ਇਕ ਸਾਂਝੇ ਪ੍ਰੋਗਰਾਮ ਤਹਿਤ ਇੱਕ ਮੰਚ ’ਤੇ ਇਕੱਠੇ ਹੋਣ ਲਈ ਯਤਨਸ਼ੀਲ ਹਨ। ਇਸ ਮੀਟਿੰਗ ਵਿੱਚ ਕੁਝ ਸਾਂਝੇ ਮੁੱਦਿਆਂ ’ਤੇ ਵਿਚਾਰ ਚਰਚਾ ਹੋਵੇਗੀ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ, ਸਤਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ, ਬਰਗਾੜੀ ਤੇ ਬੇਅਦਬੀ ਕਾਂਡ ਨੂੰ ਸਰਕਾਰ ਵੱਲੋਂ ਮੁੜ ਉਲਝਾਉਣ ਦੇ ਯਤਨ, ਪੰਜਾਬ ਸਰਕਾਰ ਵੱਲੋਂ ਚਾਰ ਪੁਲਿਸ ਕਰਮਚਾਰੀਆਂ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰਨਾ ਤੇ ਨਜ਼ਰਬੰਦ ਸਿੱਖਾਂ ਦੀ ਰਿਹਾਈ ਆਦਿ ਦੇ ਮੁੱਦਿਆਂ ਉਪਰ ਚਰਚਾ ਹੋਵੇਗੀ।
ਇਨ੍ਹਾਂ ਮਾਮਲਿਆਂ ਬਾਰੇ ਸਾਂਝੀ ਰਣਨੀਤੀ ਤਿਆਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਮੀਟਿੰਗ ਹੋ ਚੁੱਕੀ ਹੈ, ਜਿਸ ਤੋਂ ਬਾਅਦ ਇਹ ਇਕ ਸਾਂਝੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ।
ਪੰਜਾਬ ਦੇ ਸਾਂਝੇ ਮੁੱਦਿਆਂ 'ਤੇ ਇਕੱਠੇ ਹੋਣ ਲਈ ਹੰਭਲਾ
ਏਬੀਪੀ ਸਾਂਝਾ
Updated at:
25 Jul 2019 03:44 PM (IST)
ਸਿੱਖ ਜਥੇਬੰਦੀਆਂ ਸਾਂਝੇ ਮੁੱਦਿਆਂ ਨੂੰ ਲੈ ਕੇ ਇੱਕ ਮੰਚ ’ਤੇ ਇਕੱਠੇ ਹੋਣ ਲਈ ਹੰਭਲਾ ਮਾਰ ਰਹੀਆਂ ਹਨ। ਇਸ ਬਾਰੇ ਭਲਕੇ 26 ਜੁਲਾਈ ਨੂੰ ਚੰਡੀਗੜ੍ਹ ਸਥਿਤ ਕਿਸਾਨ ਭਵਨ ’ਚ ਮੀਟਿੰਗ ਸੱਦੀ ਗਈ ਹੈ। ਇਨ੍ਹਾਂ ਸਿੱਖ ਜਥੇਬੰਦੀਆ ਵਿੱਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ (ਗੁਰਦੀਪ ਸਿੰਘ ਬਠਿੰਡਾ) ਸ਼ਾਮਲ ਹਨ।
- - - - - - - - - Advertisement - - - - - - - - -