ਅੰਮ੍ਰਿਤਸਰ: ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਸਿਹਰੇ ਲਈ ਸਿਆਸੀ ਜ਼ੋਰ ਅਜਮਾਇਸ਼ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਚਾਹੇ ਇਸ ਨੂੰ ਆਪਣੀ ਪ੍ਰਾਪਤੀ ਦੱਸ ਰਹੀ ਹੈ ਪਰ ਸਿੱਖ ਜਗਤ ਇਸ ਦਾ ਸਿਹਰਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੇ ਸਿਰ ਹੀ ਸਜ਼ਾ ਰਹੀ ਹੈ।
ਪਾਕਿਸਤਾਨ ਤੋਂ ਪਰਤੇ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਕਿਹਾ ਕਿ ਇਹ ਅਹਿਮ ਕਾਰਜ ਨਵਜੋਤ ਸਿੱਧੂ ਦੀ ਬਦੌਲਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਜੱਫੀ ਕਰਕੇ ਹੀ ਲਾਂਘਾ ਖੁੱਲ੍ਹਿਆ ਹੈ। ਇਸ ਤਰ੍ਹਾਂ ਦੀਆਂ ਜੱਫੀਆਂ ਪੈਣੀਆਂ ਚਾਹੀਦੀਆਂ ਹਨ ਤਾਂ ਕਿ ਸਾਨੂੰ ਸੁਗਾਤਾਂ ਮਿਲਦੀਆਂ ਰਹਿਣ।
ਸਿੱਖ ਸ਼ਰਧਾਲੂਆਂ ਨੇ 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਵਿੱਚ ਵੀ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਕਾਫੀ ਖੁਸ਼ੀ ਹੈ। ਸਿੱਖ ਸ਼ਰਧਾਲੂ ਪਾਕਿਸਤਾਨ ਦੇ ਨਨਕਾਣਾ ਸਾਹਿਬ, ਸੱਚਾ ਸੌਦਾ, ਹਸਨ ਅਬਦਾਲ, ਕਰਤਾਰਪੁਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਅੱਜ ਭਾਰਤ ਪਰਤੇ ਹਨ।
ਅਟਾਰੀ ਰੇਲਵੇ ਸਟੇਸ਼ਨ 'ਤੇ ਗੱਲਬਾਤ ਦੌਰਾਨ ਸ਼ਰਧਾਲੂਆਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਉਨ੍ਹਾਂ ਦੀ ਕਾਫ਼ੀ ਖਾਤਰਦਾਰੀ ਹੋਈ ਤੇ ਉਨ੍ਹਾਂ ਨੂੰ ਉੱਥੇ ਜੋ ਲੋਕ ਮਿਲੇ ਭਾਵੇਂ ਉਹ ਸਿੱਖ ਸਨ ਜਾਂ ਮੁਸਲਮਾਨ, ਉਨ੍ਹਾਂ ਨੇ ਕਿਹਾ ਕਿ ਇਸ ਲਾਂਘੇ ਦੇ ਖੁੱਲ੍ਹਣ ਨਾਲ ਦੋਹਾਂ ਦੇਸ਼ਾਂ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ ਤੇ ਅਮਨ ਸ਼ਾਂਤੀ ਵਧੇਗੀ। ਸਿੱਖ ਜੱਥੇ ਦੇ ਸ਼ਰਧਾਲੂਆਂ ਨੇ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ।