ਗਗਨਦੀਪ ਸ਼ਰਮਾ
ਅਟਾਰੀ: ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਭਾਰਤ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਪਾਕਿਸਤਾਨ ਸਰਕਾਰ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਵੀਜ਼ੇ ਜਾਰੀ ਕੀਤੇ ਸਨ।
ਪਾਕਿਸਤਾਨ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵਾਰ 1200 ਦੇ ਕਰੀਬ ਵੀਜ਼ੇ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਦਿੱਲੀ ਤੋਂ 1300 ਦੇ ਕਰੀਬ ਸਿੱਖ ਸੰਗਤਾਂ ਦਾ ਜੱਥਾ ਪਾਕਿਸਤਾਨ ਗਿਆ ਸੀ ਜਦਕਿ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਯੂਰਪੀ ਦੇਸ਼ਾਂ ਵਿੱਚ ਰਹਿ ਰਹੇ ਐਨਆਰਆਈਜ਼ ਨੇ ਵੀ ਇਸ ਵਾਰ ਵੱਡੀ ਗਿਣਤੀ ਵਿੱਚ ਪਾਕਿਸਤਾਨ ਸਰਕਾਰ ਕੋਲੋਂ ਵੀਜ਼ੇ ਪ੍ਰਾਪਤ ਕੀਤੇ। ਇਨ੍ਹਾਂ ਦੀ ਗਿਣਤੀ ਤਿੰਨ ਹਜ਼ਾਰ ਕਰੀਬ ਸੀ।
ਇਹ ਜੱਥੇ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਪਾਕਿਸਤਾਨ ਰਵਾਨਾ ਹੋਏ ਸਨ। ਇਸ ਦੇ ਨਾਲ ਹੀ ਦਿੱਲੀ ਦੀ ਸੰਗਤ ਬਾਕਾਇਦਾ ਨਗਰ ਕੀਰਤਨ ਨਨਕਾਣਾ ਸਾਹਿਬ ਲੈ ਕੇ ਗਈ ਸੀ। ਬੀਤੀ ਰਾਤ ਗੁਰਪੁਰਬ ਨਾਲ ਸਬੰਧਤ ਸਮਾਗਮ ਦੀ ਸਮਾਪਤੀ ਉਪਰੰਤ ਹੁਣ ਇਹ ਸੰਗਤ ਭਾਰਤ ਪਰਤਣਾ ਸ਼ੁਰੂ ਹੋ ਗਈ ਹੈ। ਇਸ ਦੇ ਚੱਲਦੇ ਵੱਖ-ਵੱਖ ਜਥਿਆਂ ਵਿੱਚ ਸੰਗਤ ਅੱਜ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਈ।
ਤਕਰੀਬਨ ਢਾਈ ਹਜ਼ਾਰ ਦੇ ਕਰੀਬ ਸਿੱਖ ਸ਼ਰਧਾਲੂ ਅੱਜ ਭਾਰਤ ਵਾਪਸ ਪਰਤੇ। ਇਨ੍ਹਾਂ ਸ਼ਰਧਾਲੂਆਂ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ ਸੀ। ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਰਤਾਰਪੁਰ ਗੁਰਦੁਆਰੇ ਦਾ ਕੌਰੀਡੋਰ ਵੀ ਖੁੱਲ੍ਹ ਗਿਆ ਸੀ। ਇਸ ਕਾਰਨ ਉਹ ਇਸ ਦੇ ਗਵਾਹ ਬਣੇ ਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਸ ਤੋਂ ਵੱਡਾ ਕੋਈ ਹੋਰ ਇਤਿਹਾਸਕ ਪਲ ਨਹੀਂ ਹੋ ਸਕਦਾ। ਪਾਕਿਸਤਾਨੀ ਲੋਕਾਂ ਨੇ ਵੀ ਇਸ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ।
ਪਾਕਿਸਤਾਨ ਗਈਆਂ ਸੰਗਤਾਂ ਹੋਈਆਂ ਧਨ-ਧਨ, ਹਜ਼ਾਰਾਂ ਸ਼ਰਧਾਲੂ ਵਤਨ ਪਰਤੇ
ਏਬੀਪੀ ਸਾਂਝਾ
Updated at:
13 Nov 2019 03:01 PM (IST)
ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਭਾਰਤ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਪਾਕਿਸਤਾਨ ਸਰਕਾਰ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਵੀਜ਼ੇ ਜਾਰੀ ਕੀਤੇ ਸਨ।
- - - - - - - - - Advertisement - - - - - - - - -