ਚੰਡੀਗੜ੍ਹ: ਸ਼ਨੀਵਾਰ ਨੂੰ ਰਾਜਪੁਰਾ ਵਿੱਚ ਨਾਭਾ ਪਾਵਰ ਪਲਾਂਟ ਵੱਲੋਂ ਵਰਤੇ ਜਾ ਰਹੇ ਪ੍ਰਾਈਵੇਟ ਰੇਲਵੇ ਟਰੈਕ ਤੋਂ ਅਣਪਛਾਤੇ ਵਿਅਕਤੀਆਂ ਨੇ ਦੋ ਵੱਖ-ਵੱਖ ਥਾਵਾਂ ਤੋਂ ਕਰੀਬ 1200 ਲਚਕੀਲੇ ਰੇਲਵੇ ਕਲਿੱਪ ਹਟਾ ਦਿੱਤੇ ਸੀ। ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕੱਟੜਪੰਥੀਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੋਂ ਇਨਕਾਰ ਕੀਤਾ।ਇਸ ਮਾਮਲੇ 'ਚ “ਸਿੱਖ ਫਾਰ ਜਸਟਿਸ” ਨੇ ਕਿਹਾ ਕਿ ਸ਼ਹੀਦ ਭਿੰਡਰਾਂਵਾਲੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤ ਸਰਕਾਰ ਨੂੰ 03 ਜੂਨ ਨੂੰ “ਰੇਲ ਰੋਕੋ” ਬਾਰੇ ਨੋਟਿਸ ਦਿੱਤਾ ਸੀ।
ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਆਡੀਓ ਸੰਦੇਸ਼ 'ਚ ਮਾਨ-ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਹੈ।ਪੰਨੂੰ ਨੇ ਕਿਹਾ ਹੈ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਅਰਦਾਸ 'ਚ ਸ਼ਾਮਲ ਹੋਣ ਵਾਲੇ ਸਿੱਖਾਂ ਦੀ ਤਲਾਸ਼ੀ ਲਈ ਗਈ ਅਤੇ ਸ੍ਰੀ ਦਰਬਾਰ ਤੋਂ ਅਰਧ ਸੈਨਿਕ ਬਲਾਂ ਨੂੰ ਤੁਰੰਤ ਵਾਪਸ ਨਾ ਬੁਲਾਇਆ ਗਿਆ ਤਾਂ “ਨਤੀਜੇ” ਭੁਗਤਣੇ ਪੈਣਗੇ।
ਪੰਨੂ ਨੇ ਮਾਨ ਸਰਕਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 1995 ਦੇ ਕਤਲ ਦੀ ਯਾਦ ਦਿਵਾਉਂਦੇ ਹੋਏ, ਸਾਵਧਾਨ ਕੀਤਾ ਕਿ "ਖਾਲਿਸਤਾਨ ਪੱਖੀ" ਸਿੱਖਾਂ ਨਾਲ ਟਕਰਾਅ ਪੰਜਾਬ ਵਿੱਚ 'ਆਪ' ਦੀ "ਸਿਆਸੀ ਮੌਤ" ਵੱਲ ਲੈ ਜਾਵੇਗਾ।
ਉਧਰ ਰੇਲਵੇ ਟਰੈਕ ਤੋਂ ਕਲਿੱਪ ਚੋਰੀ ਮਾਮਲੇ 'ਚ ਪੁਲਿਸ ਨੇ ਥਰਮਲ ਪਲਾਂਟ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 379 (ਚੋਰੀ), 427 (ਧੋਖਾਧੜੀ ਨਾਲ ਜਾਇਦਾਦ ਨੂੰ ਹਟਾਉਣਾ) ਅਤੇ 34 (ਆਮ ਇਰਾਦਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਐਫਆਈਆਰ ਦੇ ਅਨੁਸਾਰ, ਚੰਦੂਮਾਜਰਾ ਪਿੰਡ ਨੇੜੇ ਸਰਾਏ ਬੰਜਾਰਾ ਅਤੇ ਥਰਮਲ ਪਾਵਰ ਪਲਾਂਟ ਦੇ ਵਿਚਕਾਰ ਰੇਲਵੇ ਟਰੈਕ ਤੋਂ ਲਾਈਨਰ ਸਮੇਤ ਲਗਭਗ 800 ਲਚਕੀਲੇ ਰੇਲਵੇ ਕਲਿੱਪ ਕਥਿਤ ਤੌਰ 'ਤੇ ਚੋਰੀ ਹੋ ਗਏ ਸਨ।