ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਸੁਵਿਧਾ ਸੈਂਟਰ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਦੇ ਸੈਸ਼ਨ ਅਦਾਲਤ ਨੇ ਸਿਮਰਜੀਤ ਬੈਂਸ ਨੂੰ ਸੁਵਿਧਾ ਸੈਂਟਰ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।


2015 ਵਿੱਚ ਲੁਧਿਆਣਾ ਦੇ ਫੋਕਲ ਪੁਆਇੰਟ ਦਾ ਮਾਮਲਾ ਹੈ ਜਦੋਂ ਸੁਵਿਧਾ ਸੈਂਟਰ ਦੀ ਚਾਰਦੀਵਾਰੀ ਨੂੰ ਡੇਗ ਦਿੱਤਾ ਗਿਆ ਸੀ। ਇਸ ਦਾ ਸਾਰਾ ਇਲਜ਼ਾਮ ਸਿਮਰਜੀਤ ਬੈਂਸ ਉੱਪਰ ਲਾਇਆ ਗਿਆ ਸੀ। ਮਾਮਲਾ ਅਕਾਲੀ-ਬੀਜੇਪੀ ਸਰਕਾਰ ਵੇਲੇ ਦਰਜ ਕੀਤਾ ਗਿਆ ਸੀ।

ਇਸ ਬਾਰੇ ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ 'ਤੇ ਚੱਲ ਰਹੇ 8 ਕੇਸਾਂ ਵਿੱਚ ਇੱਕ ਕੇਸ ਵਿੱਚੋਂ ਉਹ ਬਰੀ ਹੋ ਗਏ ਹਨ। ਇਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਉਨ੍ਹਾਂ ਦੇ ਸਮਰਥਕਾਂ, ਉਨ੍ਹਾਂ ਦੀ ਸੱਚਾਈ ਤੇ ਇਮਾਨਦਾਰੀ ਦਾ ਨਤੀਜਾ ਹੈ।