ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਬਟਾਲਾ ਦੇ ਡਿਪਟੀ ਕਮਿਸ਼ਨਰ ਨਾਲ ਦੁਰਵਿਹਾਰ ਦਾ ਮਾਮਲਾ ਦਰਜ ਕਰਨ ਕਰਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਬੈਂਸ ਨੇ ਇਲਜ਼ਾਮ ਲਾਇਆ ਹੈ ਕਿ ਇਹ ਐਫਆਈਆਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਜ਼ਿਸ਼ ਹੈ। ਬੈਂਸ ਨੇ ਕਿਹਾ ਹੈ ਕਿ ਸਿਟੀ ਸੈਂਟਰ ਘੁਟਾਲੇ ਵਿੱਚ ਉਨ੍ਹਾਂ ਨੇ ਕੈਪਟਨ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਇਸ ਦਾ ਬਦਲਾ ਲੈਣ ਲਈ ਐਫਆਈਆਰ ਦਰਜ ਕਰਵਾਈ ਗਈ ਹੈ।

ਉਨ੍ਹਾਂ ਕਿਹਾ ਕਿ ਉਹ ਪਟਾਕਾ ਫੈਕਟਰੀ ਧਮਾਕੇ ਤੋਂ ਬਾਅਦ ਪਰਿਵਾਰਕ ਮੈਂਬਰ ਦੀ ਲਾਸ਼ ਲੱਭ ਰਹੇ ਲੋਕਾਂ ਨਾਲ ਡਿਪਟੀ ਕਮਿਸ਼ਨਰ ਕੋਲ ਗਏ ਸੀ। ਉਨ੍ਹਾਂ ਨੇ ਡੀਸੀ ਵੱਲੋਂ ਪੀੜਤ ਪਰਿਵਾਰ ਨਾਲ ਕੀਤੇ ਮਾੜੇ ਰਵੱਈਏ ਖਿਲਾਫ ਆਵਾਜ਼ ਉਠਾਈ ਸੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਡੀਸੀ ਨੇ ਕੇਸ ਦਰਜ ਕਰਵਾਉਣਾ ਹੁੰਦਾ ਤਾਂ ਉਹ ਤਿੰਨ ਦਿਨ ਕੀ ਉਡੀਕਦੇ ਰਹੇ। ਇਸ ਤੋਂ ਸਪਸ਼ਟ ਹੈ ਕਿ ਇਹ ਸਭ ਕੈਪਟਨ ਦੇ ਇਸ਼ਾਰੇ 'ਤੇ ਹੋਇਆ ਹੈ।

ਦਰਅਸਲ ਅੱਜ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਬਟਾਲਾ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਬੈਂਸ ਵੱਲੋਂ ਬਟਾਲਾ ਬਲਾਸਟ ਨੂੰ ਲੈ ਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਹਿਸਬਾਜ਼ੀ ਕਰਨ ਕਰਕੇ ਕੀਤਾ ਗਿਆ ਹੈ। ਬੈਂਸ ਦੀ ਲੰਘੇ ਦਿਨ ਡਿਪਟੀ ਕਮਿਸ਼ਨਰ ਨਾਲ ਤਿੱਖੀ ਨੋਕ-ਝੋਕ ਹੋਈ ਸੀ।

ਇਸ ਨੂੰ ਲੈ ਕੇ ਅੱਜ ਬਟਾਲਾ ਦੇ ਐਸਡੀਐਮ ਬਲਬੀਰ ਸਿੰਘ ਦੀ ਸ਼ਿਕਾਇਤ 'ਤੇ ਬਟਾਲਾ ਸਿਟੀ ਥਾਣੇ ਵਿੱਚ ਸਿਮਰਜੀਤ ਖਿਲਾਫ ਗੈਰ ਜ਼ਮਾਨਤੀ ਧਰਾਵਾਂ 186, 353, 451, 147, 177, 505, 506 ਤਹਿਤ ਕੇਸ ਦਰਜ ਕੀਤਾ ਗਿਆ ਹੈ।