ਅੰਮ੍ਰਿਤਸਰ: ਸੁਲਤਾਨਵਿੰਡ ਰੋਡ 'ਤੇ ਇੱਕ ਮਤਰੇਈ ਮਾਂ ਨੇ ਮੁੰਡੇ ਨੂੰ ਗੋਲ਼ੀ ਮਾਰ ਕੇ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਮੁੰਡੇ ਦੀ ਪਛਾਣ ਜਸਰਾਜ ਸਿੰਘ ਵਜੋਂ ਹੋਈ ਜੋ ਗੋਲ਼ੀ ਵੱਜਣ ਦੇ ਬਾਵਜੂਦ ਬਚ ਗਿਆ। ਜਦੋਂ ਜਸਰਾਜ ਦੇ ਪਿਤਾ ਰੇਸ਼ਮ ਸਿੰਘ ਉਸ ਨੂੰ ਬਚਾਉਣ ਲਈ ਅੱਗੇ ਆਏ ਤਾਂ ਹਰਜਿੰਦਰ ਕੌਰ ਨੇ ਉਨ੍ਹਾਂ 'ਤੇ ਵੀ ਗੋਲ਼ੀ ਚਲਾ ਦਿੱਤੀ। ਪਿਉ-ਪੁੱਤ ਨੇ ਭੱਜ ਕੇ ਆਪਣੀ ਜਾਨ ਬਚਾਈ।



ਰੇਸ਼ਮ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੀ ਪਤਨੀ ਨੂੰ ਫੜ ਤਾਂ ਲਿਆ ਪਰ ਉਹ ਛੱਡ ਦੇਣਗੇ, ਕਿਉਂਕਿ ਇਹ ਉਨ੍ਹਾਂ ਦਾ ਆਪਣਾ ਮਹਿਮਕਾ ਹੈ ਤੇ ਉਨ੍ਹਾਂ ਨੂੰ ਇਸ ਮਹਿਕਮੇ 'ਤੇ ਬਿਲਕੁਲ ਵਿਸ਼ਵਾਸ ਨਹੀਂ।


ਰੇਸ਼ਮ ਸਿੰਘ ਮੁਤਾਬਕ 2012 ਵਿੱਚ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਪਿੱਛੋਂ ਉਸ ਨੇ ਹਰਜਿੰਦਰ ਕੌਰ ਨਾਲ ਵਿਆਹ ਕਰਾ ਲਿਆ। ਜਸਰਾਜ ਉਸ ਦੀ ਪਹਿਲੀ ਪਤਨੀ ਦਾ ਮੁੰਡਾ ਹੈ। ਜਸਰਾਜ ਨੇ ਉਨ੍ਹਾਂ ਦੀ ਪਤਨੀ ਹਰਜਿੰਦਰ ਨੂੰ ਕਿਸੇ ਗੱਲ ਨੂੰ ਲੈ ਕੇ ਗਾਲ਼ਾਂ ਕੱਢ ਦਿੱਤੀਆਂ ਸੀ। ਇਸ ਤੋਂ ਨਾਰਾਜ਼ ਹੋ ਕੇ ਹਰਜਿੰਦਰ ਨੇ ਆਪਣੇ ਪਤੀ ਦੇ ਲਾਇਸੈਂਸੀ ਪਿਸਤੌਲ ਨਾਲ ਜਸਰਾਜ 'ਤੇ ਗੋਲ਼ੀ ਚਲਾ ਦਿੱਤੀ।


ਇਸ ਪਿੱਛੋਂ ਜਸਰਾਜ ਉੱਥੋਂ ਭੱਜ ਨਿਕਲਿਆ। ਜਦੋਂ ਰੇਸ਼ਮ ਸਿੰਘ ਆਪਣੀ ਪਤਨੀ ਕੋਲ ਗਏ ਤਾਂ ਉਸ ਨੇ ਉਨ੍ਹਾਂ 'ਤੇ ਵੀ ਗੋਲ਼ੀ ਚਲਾ ਦਿੱਤੀ। ਇਸ 'ਤੇ ਉਹ ਵੀ ਘਰੋਂ ਫਰਾਰ ਹੋ ਗਏ। ਪੀੜਤ ਮੁੰਡੇ ਜਸਰਾਜ ਮੁਤਾਬਕ ਉਸ ਦੀ ਮਾਂ ਨੇ ਪਹਿਲਾਂ ਉਸ ਨੂੰ ਗਾਲ਼ਾਂ ਕੱਢੀਆਂ ਤੇ ਫਿਰ ਫਾਇਰਿੰਗ ਕਰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪਿਉ-ਪੁੱਤ ਦੇ ਬਿਆਨਾਂ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।