ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਤਕਰਾਰ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਆਂ ਕਿਹਾ ਕਿ ਕਾਂਗਰਸ ਵਿੱਚ ਇੱਕ ਪਾਸੇ ਇਮਾਨਦਾਰ ਇਨਸਾਨ ਸਿੱਧੂ ਤੇ ਦੂਜੇ ਪਾਸੇ ਲੁੱਟ ਮਾਫੀਆ ਚਲਾਉਣ ਵਾਲੇ ਕਾਂਗਰਸੀ ਮੰਤਰੀ, ਐਮਪੀ ਤੇ ਐਮਐਲਏ ਹਨ। ਉਨ੍ਹਾਂ ਸਿੱਧੂ ਨੂੰ ਅਪੀਲ ਕਰਨ ਦੇ ਨਾਲ-ਨਾਲ ਸਲਾਹ ਦਿੱਤੀ ਕਿ ਉਨ੍ਹਾਂ ਦੀ ਦਾਲ ਕਾਂਗਰਸ ਜਾਂ ਅਕਾਲੀ ਦਲ-ਬੀਜੇਪੀ, ਦੋਵਾਂ ਪਾਰਟੀਆਂ ਵਿੱਚ ਨਹੀਂ ਗਲ਼ੇਗੀ। ਇਸ ਲਈ ਸਿੱਧੂ ਨੂੰ ਉਨ੍ਹਾਂ ਨਾਲ ਹੱਥ ਮਿਲਾ ਲੈਣਾ ਚਾਹੀਦਾ ਹੈ।

ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਹੀ ਇਮਾਨਦਾਰ ਲੀਡਰ ਹਨ। ਉਨ੍ਹਾਂ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਤਾਂ ਲੋਕ ਉਨ੍ਹਾਂ ਨੂੰ 2022 ਵਿੱਚ ਮੁੱਖ ਮੰਤਰੀ ਬਣਾਉਣਗੇ। ਪੰਜਾਬ ਦੇ ਲੋਕ ਲੁੱਟ ਮਾਫੀਆ ਦੇ ਲੀਡਰਾਂ ਤੋਂ ਪੰਜਾਬ ਨੂੰ ਮੁਕਤ ਕਰਵਾਉਣਾ ਚਾਹੁੰਦੇ ਹਨ।

ਉਨ੍ਹਾਂ ਸਿੱਧੂ ਨੂੰ ਨਸੀਹਤ ਦਿੱਤੀ ਕਿ ਕਾਂਗਰਸ ਹਾਈਕਮਾਨ ਤੇ ਪੰਜਾਬ ਕਾਂਗਰਸ ਪਾਰਟੀ ਨੇ ਉਨ੍ਹਾਂ ਕੋਲੋਂ ਵਿਭਾਗ ਖੋਹ ਲਿਆ। ਰਾਹੁਲ ਗਾਂਧੀ ਦੇ ਕਹਿਣ ਕੇ ਉਨ੍ਹਾਂ ਚੀਕ-ਚੀਕ ਕੇ ਕਾਂਗਰਸ ਲਈ ਪ੍ਰਚਾਰ ਕੀਤਾ ਪਰ ਉਨ੍ਹਾਂ ਨੂੰ ਕੀ ਮਿਲਿਆ? ਬੈਂਸ ਨੇ ਯਾਦ ਦਵਾਇਆ ਕਿ ਸਿੱਧੂ ਨੇ ਲਾਂਡ ਮਾਈਨਿੰਗ 'ਤੇ ਮਿਹਨਤ ਨਾਲ ਪਾਲਿਸੀ ਤਿਆਰ ਕੀਤੀ ਸੀ ਜੋ ਕੈਪਟਨ ਸਰਕਾਰ ਨੇ ਹਾਲੇ ਤਕ ਲਾਗੂ ਨਹੀਂ ਕੀਤੀ।

ਬੈਂਸ ਨੇ ਕਿਹਾ ਕਿ ਚਾਹੇ ਮਨਪ੍ਰੀਤ ਬਾਦਲ ਜਾਂ ਹੁਸ਼ਿਆਰਪੁਰ ਤੋਂ ਸੋਮਨਾਥ, ਕਈ ਸੀਨੀਅਰ ਵਿਧਾਇਕਾਂ ਦੇ ਹਲਕਿਆਂ ਤੋਂ ਕਾਂਗਰਸ ਪਾਰਟੀ ਹਾਰੀ ਸੀ, ਪਰ ਸਿਰਫ ਸਿੱਧੂ 'ਤੇ ਹੀ ਗਾਜ ਡਿੱਗੀ ਕਿਉਂਕਿ ਸਿੱਧੂ ਨੇ ਸੱਚਾਈ ਬਿਆਨ ਕੀਤੀ ਸੀ। ਸਿੱਧੂ ਨੇ ਕਿਹਾ ਸੀ ਕਿ ਜੋ ਕੰਮ ਬਾਦਲ ਪਰਿਵਾਰ ਵੱਲੋਂ ਕੀਤੇ ਜਾਂਦੇ ਸੀ, ਉਹੀ ਕੰਮ ਕੈਪਟਨ ਸਾਹਿਬ ਕਰ ਰਹੇ ਹਨ ਤੇ ਸਿੱਧੂ ਨੂੰ ਇਸੇ ਗੱਲ ਦਾ ਖਮਿਆਜ਼ਾ ਭੁਗਤਣਾ ਪਿਆ ਹੈ।