ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਛੱਤਰੀ ਵਾਪਸ ਲੈ ਲਈ ਗਈ ਹੈ। ਬੈਂਸ ਨੇ ਪਟਿਆਲਾ ਵਿੱਚ ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਬਾਰੇ ਬਿਆਨ ਦਿੱਤਾ ਸੀ। ਇਸ ਤੋਂ ਪੰਜਾਬ ਪੁਲਿਸ ਤੇ ਸਰਕਾਰ ਕਾਫੀ ਖਫਾ ਹਨ। ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।


ਇਸ ਦੌਰਾਨ ਬੈਂਸ ਨੇ ਇਸ ਕਾਰਵਾਈ ਨੂੰ ਬਦਲੇ ਦਾ ਨਤੀਜਾ ਦੱਸਿਆ ਹੈ। ਬੈਂਸ ਨੇ ਕਿਹਾ ਕਿ ਪੁਲਿਸ ਵੱਲੋਂ ਜੋ ਲੋਕਾਂ 'ਤੇ ਤਸ਼ੱਦਦ ਕੀਤੀ ਗਈ ਹੈ, ਉਸ ਕਾਰਨ ਹੀ ਹੁਣ ਮਜਬੂਰਨ ਹਥਿਆਰ ਚੁੱਕਣੇ ਪੈ ਰਹੇ ਹਨ। ਇਸ ਬਿਆ ਕਰਕੇ ਹੀ ਬੈਂਸ ਦੀ ਪੁਲਿਸ ਸੁਰੱਖਿਆ ਹਟਾ ਦਿੱਤੀ ਗਈ ਹੈ। ਪੁਲਿਸ ਵਿਭਾਗ ਨੇ ਬੈਂਸ ਦੀ ਸੁਰੱਖਿਆ ਵਿੱਚ ਲੱਗੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੈਂਸ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਆਪ ਹੀ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।

ਦਰਅਸਲ, ਸਿਮਰਜੀਤ ਬੈਂਸ ਨੇ ਕਿਹਾ ਸੀ ਕਿ "ਪੁਲਿਸ ਨੂੰ ਆਪਣੇ ਗਿਰੇਬਾਨ 'ਚ ਵੀ ਝਾਕ ਕੇ ਵੇਖਣਾ ਚਾਹੀਦਾ ਹੈ ਕਿਉਂਕਿ ਕਰਫਿਊ ਦੌਰਾਨ ਉਨ੍ਹਾਂ ਨੇ ਬਹੁਤ ਬੇਕਸੂਰ ਲੋਕਾਂ 'ਤੇ ਤਸ਼ੱਦਦ ਢਾਈ ਹੈ। ਬਿਨਾਂ ਵਜ੍ਹਾ ਲੋਕਾਂ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਤੇ ਬਹਿਸ ਹੋਣੀ ਚਾਹੀਦੀ ਹੈ ਕਿ ਆਖਰਕਾਰ ਨਿਹੰਗ ਸਿੰਘਾਂ ਨੂੰ ਅਜਿਹਾ ਕਰਨ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਬੀਤੇ ਦਿਨੀਂ ਲੋਕਾਂ ਤੇ ਕੀਤੀ ਤਸ਼ੱਦਦ ਤੋਂ ਤੰਗ ਹੋ ਕੇ ਹੀ ਅਜਿਹਾ ਕਦਮ ਚੁੱਕਿਆ ਹੋਇਆ ਜਾਪਦਾ ਹੈ।"

ਉਧਰ, ਜਦੋਂ ਦਿਨਕਰ ਗੁਪਤਾ ਵੱਲੋਂ ਇਸ ਘਟਨਾ ਦੀ ਨਿੰਦਾ ਕਰਨ ਸਬੰਧੀ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਬੈਂਸ ਨੇ ਕਿਹਾ ਕਿ ਝੂਠੇ ਮੁਕਾਬਲਿਆਂ 'ਚ ਲੋਕਾਂ ਨੂੰ ਮਾਰਨ ਦੀ ਪੁਲਿਸ ਨੂੰ ਮੁਹਾਰਤ ਹਾਸਲ ਹੈ। ਪੁਲਿਸ ਦੁੱਧ ਦੀ ਧੋਤੀ ਨਹੀਂ। ਦੱਸ ਦਈਏ ਕਿ ਪਟਿਆਲਾ 'ਚ ਹੋਏ ਹਮਲੇ 'ਚ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ ਸੀ। ਉਸ ਦਾ ਪੀਜੀਆਈ ਹਸਪਤਾਲ ਚੰਡੀਗੜ੍ਹ 'ਚ 7 ਘੰਟੇ ਲੰਮਾ ਅਪਰੇਸ਼ਨ ਚੱਲਿਆ ਤੇ ਉਹ ਪੰਜ ਦਿਨਾਂ ਲਈ ਡਾਕਟਰੀ ਨਿਗਰਾਨੀ ਹੇਠ ਹੈ।