ਅੰਮ੍ਰਿਤਸਰ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਮਰੀਕੀ ਅੰਬੈਸੀ ਵੱਲੋਂ ਧਾਰਮਿਕ ਚਿੰਨ੍ਹਾਂ ਦੇ ਨਿਰਾਦਰ ਕਰਨ ਦੇ ਵਿਰੋਧ ਵਿੱਚ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਣ ਪਹੁੰਚੇ। ਗਿਆਨੀ ਹਰਪ੍ਰੀਤ ਸਿੰਘ ਮੌਕੇ ’ਤੇ ਮੌਜੂਦ ਨਹੀਂ ਸਨ, ਇਸ ਕਰਕੇ ਉਹ ਜਥੇਦਾਰ ਦੇ ਪੀਏ ਗੁਰਬਚਨ ਸਿੰਘ ਨੂੰ ਆਪਣਾ ਮੰਗ ਪੱਤਰ ਦੇ ਆਏ।

ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂਆਂ ਵੱਲੋਂ ਬਖ਼ਸ਼ੇ ਧਾਰਮਿਕ ਚਿਨ੍ਹਾਂ ਦਾ ਸਾਡੇ ਆਪਣੇ ਹੀ ਦੇਸ਼ ਵਿੱਚ ਨਿਰਾਦਰ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਮਰੀਕੀ ਸਫਾਰਤਖ਼ਾਨੇ ਵੱਲੋਂ ਧਾਰਮਕ ਚਿੰਨ੍ਹਾਂ ਦੇ ਨਿਰਾਦਰ ਕਰਨ ਦੇ ਨਸਲੀ ਰਵੱਈਏ ਨੂੰ ਬੰਦ ਕਰਵਾਉਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ।

ਸ਼੍ਰੋਮਣੀ ਕਮੇਟੀ ਬਾਰੇ ਬੈਂਸ ਨੇ ਕਿਹਾ ਕਿ ਜੇ ਕਮੇਟੀ ਸਹੀ ਤਰੀਕੇ ਨਾਲ ਕੰਮ ਕਰਦੀ ਹੁੰਦੀ ਤਾਂ ਅੱਜ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਨੂੰ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ। ਸ਼ਰਧਾਲੂਆਂ ਦੇ ਪੈਸੇ ਸਿਆਸਤ ਲਈ ਉਲਟੇ ਕੰਮਾਂ ਵਿੱਚ ਵਰਤੇ ਜਾਂਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਕੋਲ ਮੁੱਦਿਆਂ ’ਤੇ ਵਿਚਾਰ ਕਰਨ ਦਾ ਸਮਾਂ ਹੀ ਨਹੀਂ ਜੋ ਆਪਣੀ ਮਹਿਲਾ ਮਿੱਤਰ ਨੂੰ ਮਿਲਣ ਲਈ ਇਜ਼ਰਾਈਲ ਗਏ ਹੋਏ ਹਨ।

ਜ਼ਿਕਰਯੋਗ ਹੈ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਸਾਥੀ ਜਸਵਿੰਦਰ ਸਿੰਘ 30 ਅਕਤੂਬਰ ਨੂੰ ਦਿੱਲੀ ਸਥਿਤ ਅਮਰੀਕਾ ਦੇ ਸਫਾਰਤਖਾਨੇ ਵਿੱਚ ਵੀਜ਼ਾ ਲਵਾਉਣ ਲਈ ਗਏ ਸਨ, ਪਰ ਉੱਥੇ ਉਨ੍ਹਾਂ ਨੂੰ ਕਿਰਪਾਨ ਉਤਾਰਨ ਲਈ ਕਿਹਾ ਗਿਆ। ਅੰਮ੍ਰਿਤਧਾਰੀ ਸਿੱਖ ਹੋਣ ਕਾਰਨ ਉਨ੍ਹਾਂ 4 ਇੰਚ ਦੀ ਕਿਰਪਾਨ ਪਾਈ ਹੋਈ ਸੀ। ਉਨ੍ਹਾਂ ਕਿਰਪਾਨ ਨਹੀਂ ਉਤਾਰੀ ਤੇ ਬਿਨ੍ਹਾਂ ਵੀਜ਼ਾ ਲਵਾਏ ਹੀ ਵਾਪਸ ਆ ਗਏ ਸਨ। ਇਸ ਮੁੱਦੇ ’ਤੇ ਸਿਮਰਜੀਤ ਸਿੰਘ ਨੇ ਅਮਰੀਕੀ ਅੰਬੈਸੀ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ।