ਮਿਸੀਸਾਗਾ: ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਇੱਕ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਭਾਰਤੀ ਮੂਲ ਦੀ ਔਰਤ ਤੇ ਉਸ ਦੇ ਦੋ ਸਾਲਾ ਪੁੱਤਰ ਦੀ ਮੌਤ ਹੋ ਗਈ। ਹਾਦਸੇ ਵਿੱਚ ਮ੍ਰਿਤਕਾ ਦੇ ਪਤੀ ਦੀ ਹਾਲਤ ਗੰਭੀਰ ਹੈ। ਭਾਰਤੀ ਮੂਲ ਦੀ ਪਰਿਵਾਰ ਦੀ ਕਾਰ ਨੂੰ ਕਿਸੇ ਸਥਾਨਕ ਮੂਲ ਨਿਵਾਸੀ ਨੌਜਵਾਨ ਨੇ ਟੱਕਰ ਮਾਰ ਦਿੱਤੀ।



ਜ਼ਖ਼ਮੀ ਵਿਅਕਤੀ ਦੀ ਸ਼ਨਾਖ਼ਤ ਸੰਕੇਤ ਡੋਗਰਾ ਤੇ ਮ੍ਰਿਤਕਾਂ ਵਿੱਚ ਉਸ ਦੀ ਪਤਨੀ ਖੁਸ਼ਬੂ ਡੋਗਰਾ ਤੇ ਉਨ੍ਹਾਂ ਦੇ ਦੋ ਸਾਲਾ ਪੁੱਤਰ ਪਰਾਕ੍ਰਿਤ ਵਜੋਂ ਹੋਈ ਹੈ। ਡੋਗਰਾ ਪਰਿਵਾਰ ਦੇ ਜਾਣਕਾਰ ਕਮਲ ਬੈਂਸ ਨੇ ਪੁਲਿਸ ਨੂੰ ਉਨ੍ਹਾਂ ਦੀ ਸ਼ਨਾਖ਼ਤ ਕਰਨ ਵਿੱਚ ਮਦਦ ਕੀਤੀ। ਪੁਲਿਸ ਮੁਤਾਬਕ ਜਿਸ ਕਾਰ ਨੇ ਸੰਕੇਤ ਦੀ ਕਾਰ ਨੂੰ ਟੱਕਰ ਮਾਰੀ, ਉਸ ਨੂੰ 18 ਸਾਲ ਦਾ ਨੌਜਵਾਨ ਚਲਾ ਰਿਹਾ ਸੀ। ਪੁਲਿਸ ਮੁਤਾਬਕ ਉਸ ਦੀ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ।



ਪੁਲਿਸ ਅਧਿਕਾਰੀ ਡੈਨੀ ਮਾਰਟਿਨੀ ਮੁਤਾਬਕ ਪੀੜਤ ਪਰਿਵਾਰ ਆਪਣੀ ਨਿਸਾਨ ਕਾਰ ਵਿੱਚ ਪੂਰਬ ਵਾਲੇ ਪਾਸੇ ਬਰਨਹੈਂਥੋਰਪ ਰੋਡ 'ਤੇ ਜਾ ਰਿਹਾ ਸੀ ਤੇ ਉੱਤਰ ਵਾਲੇ ਪਾਸਿਓਂ ਮੈਵਿਸ ਰੋਡ 'ਤੇ ਸ਼ੱਕੀ ਮੁਲਜ਼ਮ ਦੀ ਤੇਜ਼ ਰਫ਼ਤਾਰ ਹੁੰਡਈ ਇਲਾਂਟਰਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਡੋਗਰਾ ਪਰਿਵਾਰ ਦੀ ਕਾਰ ਸੜਕ ਤੋਂ ਦੂਰ ਖਿਸਕ ਗਈ ਤੇ ਅੱਗ ਦੀ ਲਪੇਟ ਵਿੱਚ ਆ ਗਈ ਸੀ।