ਨਵੀਂ ਦਿੱਲੀ: ਦਿੱਲੀ ਮੈਟਰੋ ਹੁਣ ਦੁਨੀਆ ਦੇ ਸਭ ਤੋਂ ਵੱਡੇ ਮੈਟਰੋ ਨੈੱਟਵਰਕ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਇਸ ਸੂਚੀ ਵਿੱਚ ਲੰਡਨ, ਸ਼ਿੰਘਾਈ, ਨਿਊਯਾਰਕ, ਬੀਜਿੰਗ ਵੀ ਸ਼ਾਮਲ ਹਨ। ਦਿੱਲੀ ਮੈਟਰੋ ਨੇ ਬੀਤੇ ਬੁੱਧਵਾਰ ਨਵੀਂ 'ਪਿੰਕ ਲਾਈਨ' ਮੈਟਰੋ ਦੇ ਉਦਘਾਟਨ ਤੋਂ ਬਾਅਦ ਇਹ ਰਿਕਾਰਡ ਕਾਇਮ ਕੀਤਾ।


ਨਵੀਂ ਪਿੰਕ ਲਾਈਨ 17.86 ਕਿਲੋਮੀਟਰ ਲੰਮੀ ਹੈ, ਜਿਸ 'ਤੇ ਕੁੱਲ 15 ਸਟੇਸ਼ਨ ਹਨ। ਇਸ ਲਾਈਨ ਦੀ ਸ਼ੁਰੂਆਤ ਤੋਂ ਬਾਅਦ ਦਿੱਲੀ ਮੈਟਰੋ ਦੀ ਕੁੱਲ ਲੰਬਾਈ 314 ਕਿਲੋਮੀਟਰ ਹੋ ਗਈ ਹੈ, ਜਿਸ 'ਤੇ ਕੁੱਲ 229 ਸਟੇਸ਼ਨ ਬਣੇ ਹੋਏ ਹਨ।

ਇਸ ਪਿੰਕ ਲਾਈਨ ਨਾਲ ਤ੍ਰਿਲੋਕਪੁਰੀ, ਸੰਜੇ ਲੇਕ, ਈਸਟ ਵਿਨੋਦ ਨਗਰ, ਆਨੰਦ ਵਿਹਾਰ, ਕੜਕੜਡੂਮਾ ਕੋਰਟ ਤੇ ਵੈਲਕਮ ਸਟੇਸ਼ਨ ਆਦਿ ਪ੍ਰਮੁੱਖ ਹਨ। ਇਹ ਲਾਈਨ ਸ਼ੁਰੂ ਹੋਣ ਨਾਲ ਯਮੁਨਾਪਾਰ ਦੇ ਮੌਜਪੁਰ, ਬਾਬਰਪੁਰ, ਗੋਲਕਪੁਰੀ, ਜ਼ਾਫਰਬਾਦ, ਵੈਲਕਮ ਜਿਹੇ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ।

ਦਿੱਲੀ ਮੈਟਰੋ ਨੇ ਪਿੰਕ ਲਾਈਨ ਮੈਟਰੋ ਨੈੱਟਵਰਕ ਲਈ ਆਪਣੀਆਂ 21 ਨਵੀਆਂ ਟਰੇਨਾਂ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕੀਤਾ ਹੈ। ਇਹ ਨਵੀਆਂ ਗੱਡੀਆਂ 812 ਵਾਧੂ ਗੇੜੇ ਲਾਉਣਗੀਆਂ। ਇਸ ਤਰ੍ਹਾਂ ਦਿੱਲੀ ਮੈਟਰੋ ਰੇਲਾਂ ਹੁਣ ਰੋਜ਼ਾਨਾ 4,749 ਗੇੜੇ (ਟਰਿੱਪ) ਲਾਉਣਗੀਆਂ।

ਇੰਜਨੀਅਰਿੰਗ ਦਾ ਸੁੰਦਰ ਨਮੂਨਾ ਦਿੱਲੀ ਮੈਟਰੋ ਦੇ ਨਾਂ ਕਈ ਹੋਰ ਰਿਕਾਰਡ ਵੀ ਦਰਜ ਹੋ ਗਏ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹੁਣ ਪਹਿਲੀ ਵਾਰ ਦੋ ਮੰਜ਼ਲਾ ਮੈਟਰੋ ਡੀਪੂ ਬਣਾਇਆ ਹੈ। ਨਵੇਂ ਪਿੰਕ ਲਾਈਨ ਰੂਟ 'ਤੇ ਮਾਇਆਪੁਰੀ ਤੇ ਸਾਊਥ ਕੈਂਪਸ ਦਰਮਿਆਨ ਲਾਈਨ 23.6 ਮੀਟਰ ਭਾਵ ਸੱਤ ਮੰਜ਼ਿਲਾ ਇਮਾਰਤ ਜਿੰਨੀ ਉੱਚੀ ਹੈ।