ਕੋਲਕਾਤਾ: 100 ਤੋਂ ਵੱਧ ਮੁਸਾਫ਼ਰਾਂ ਨਾਲ ਭਰੇ ਤੇ ਉਡਾਣ ਭਰਨ ਲਈ ਤਿਆਰ ਖੜ੍ਹੇ ਜਹਾਜ਼ ਵਿੱਚ ਪਾਣੀ ਵਾਲਾ ਟੈਂਕਰ ਆਣ ਵੱਜਾ, ਜਿਸ ਕਾਰਨ ਦੋਹਾ ਜਾਣ ਵਾਲੇ ਮੁਸਾਫ਼ਰ ਫਸ ਗਏ। ਵੀਰਵਾਰ ਸਵੇਰੇ ਢਾਈ ਕੁ ਵਜੇ ਜਦ ਮੁਸਾਫ਼ਰ ਜਹਾਜ਼ ਵਿੱਚ ਸਵਾਰ ਹੋ ਰਹੇ ਸਨ ਤਾਂ ਪਾਣੀ ਵਾਲੇ ਟੈਂਕਰ ਨੇ ਕਤਰ ਏਅਰਲਾਈਨਜ਼ ਦੇ ਜਹਾਜ਼ ਨੂੰ ਵਿਚਕਾਰ ਵਾਲੇ ਹਿੱਸੇ 'ਚ ਟੱਕਰ ਮਾਰ ਦਿੱਤੀ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਮੁਤਾਬਕ ਇਸ ਟੱਕਰ ਵਿੱਚ ਜਹਾਜ਼ ਦਾ ਲੈਂਡਿੰਗ ਗਿਅਰ ਨੁਕਸਾਨਿਆ ਗਿਆ। ਹਾਲਾਂਕਿ, ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਹਾਜ਼ ਵਿੱਚ ਉਸ ਸਮੇਂ 103 ਮੁਸਾਫ਼ਰ ਸਵਾਰ ਸਨ, ਜਿਨ੍ਹਾਂ ਨੂੰ ਤੁਰੰਤ ਹੇਠਾਂ ਉਤਾਰ ਲਿਆ ਗਿਆ ਤੇ ਜਹਾਜ਼ ਨੂੰ ਜਾਂਚ ਲਈ ਭੇਜ ਦਿੱਤਾ ਗਿਆ।

ਪਾਣੀ ਵਾਲੇ ਟੈਂਕਰ ਦੀਆਂ ਬਰੇਕਾਂ ਵਿੱਚ ਖ਼ਰਾਬੀ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ। ਏਏਆਈ ਮੁਤਾਬਕ ਸਾਰੇ ਮੁਸਾਫ਼ਰਾਂ ਨੂੰ ਨੇੜਲੇ ਹੋਟਲ ਵਿੱਚ ਠਹਿਰਾਇਆ ਹੈ ਤੇ ਮੁਸਾਫ਼ਰਾਂ ਨੂੰ ਭਲਕੇ ਤਿੰਨ ਵਜੇ ਦੀ ਫਲਾਈਟ ਵਿੱਚ ਭੇਜਿਆ ਜਾਵੇਗਾ।