ਚੰਡੀਗੜ੍ਹ: ਅਮਰੀਕਾ ਪੰਜਾਬ ਦੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਸਕਦਾ ਹੈ ਤੇ ਪੰਜਾਬੀ ਕਿਸਾਨ ਭਾਰਤ ਦੇ ਰੁਪਏ ਦੀ ਪਤਲੀ ਹਾਲਤ ਨੂੰ ਸੁਧਾਰਨ ਵਿੱਚ ਵੱਡੀ ਮਦਦ ਕਰ ਸਕਦੇ ਹਨ। ਜੇਕਰ ਅਮਰੀਕਾ ਦੇ ਖੁਰਾਕ ਤੇ ਦਵਾਈਆਂ ਪ੍ਰਸ਼ਾਸਨ (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਵੱਲੋਂ ਤੈਅ ਕੀਤੇ ਮਾਪਦੰਡਾਂ 'ਤੇ ਪੰਜਾਬੀਆਂ ਦੇ ਬਾਸਮਤੀ ਚੌਲ ਖਰੇ ਉੱਤਰਦੇ ਹਨ ਤਾਂ ਅਮਰੀਕਾ ਸਮੇਤ ਜਾਪਾਨ ਤੇ ਹੋਰ ਵੀ ਕਈ ਦੇਸ਼ ਦਰਾਮਦ ਸ਼ੁਰੂ ਕਰ ਸਕਦੇ ਹਨ। ਇਸ ਬਰਾਮਦਗੀ ਨਾਲ ਜਿੱਥੇ ਭਾਰਤੀ ਆਰਥਿਕਤਾ ਨੂੰ ਚੰਗਾ ਹੁੰਗਾਰਾ ਮਿਲ ਸਕਦਾ ਹੈ, ਉੱਥੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਵੀ ਲੀਹ 'ਤੇ ਆ ਸਕਦੀ ਹੈ।

ਪੰਜਾਬ ਦੇ ਕਿਸਾਨ ਅਮਰੀਕਾ ਨੂੰ ਆਪਣੇ ਬਾਸਮਤੀ ਚੌਲ ਵੇਚ ਕੇ ਚੋਖੀ ਕਮਾਈ ਕਰ ਸਕਦੇ ਹਨ। ਅਮਰੀਕਾ ਵੱਲੋਂ ਫੜੀ ਬਾਂਹ ਕਾਰਨ ਹੁਣ ਬਾਸਮਤੀ ਦਾ ਭਾਅ 3,700 ਰੁਪਏ ਪ੍ਰਤੀ ਕੁਇੰਟਲ ਤਕ ਚੜ੍ਹ ਗਿਆ ਹੈ, ਜੋ ਪਿਛਲੇ ਸਾਲ 2,500 ਰੁਪਏ ਦੇ ਆਸ-ਪਾਸ ਸੀ। ਸਾਲ 2014 ਵਿੱਚ ਅਮਰੀਕਾ ਤੇ ਯੂਰਪੀ ਯੂਨੀਅਨ ਨੇ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਚੌਲ ਖਰੀਦਣ ਤੋਂ ਹੱਥ ਪਿੱਛੇ ਖਿੱਚ ਲਏ ਸਨ।


ਪੰਜਾਬ ਦੇ ਖੇਤੀ ਸਕੱਤਰ ਕਾਹਨ ਸਿੰਘ ਪੰਨੂੰ ਮੁਤਾਬਕ ਕਿਸਾਨਾਂ ਨੂੰ ਅਮਰੀਕਾ ਵੱਲੋਂ ਬੈਨ ਕੀਤੇ ਪੰਜ ਮੁੱਖ ਕੈਮੀਕਲਾਂ ਦੀ ਵਰਤੋਂ ਮੁਕੰਮਲ ਤੌਰ 'ਤੇ ਬੰਦ ਕਰਨ ਪ੍ਰਤੀ ਸੁਚੇਤ ਕੀਤਾ ਸੀ। ਮਾਝੇ ਦੇ ਕਿਸਾਨ ਅਜਿਹਾ ਕਰਨ ਵਿੱਚ ਸਫਲ ਹੋਏ ਹਨ, ਜਿਨ੍ਹਾਂ ਦੇ ਨਮੂਨੇ ਹੀ ਅਮਰੀਕਾ ਨੂੰ ਭੇਜੇ ਗਏ ਹਨ। ਹਾਲਾਂਕਿ, ਗ਼ੈਰ-ਬਾਸਮਤੀ ਕਿਸਮ ਦੇ ਭਾਰਤੀ ਚੌਲ ਚੀਨ ਸਮੇਤ ਕਈ ਅਫ਼ਰੀਕੀ ਦੇਸ਼ਾਂ ਵਿੱਚ ਵੀ ਭੇਜੇ ਜਾਂਦੇ ਹਨ।

ਪੰਜਾਬ ਦੀ ਬਾਸਮਤੀ ਇਸ ਦੀ ਸੁਗੰਧੀ ਕਰ ਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਘੱਟੋ-ਘੱਟ ਸਮਰਥਨ ਮੁੱਲ ਸਿਸਟਮ ਅਧੀਨ ਨਾ ਵੇਚੇ ਜਾਣ ਕਾਰਨ ਬਾਸਮਤੀ ਦੀ ਕੀਮਤ ਹਰ ਸਾਲ ਬਦਲਦੇ ਹਾਲਾਤ 'ਤੇ ਹੀ ਨਿਰਭਰ ਕਰਦੀ ਹੈ। ਬਾਸਮਤੀ ਦੀਆਂ ਮਸ਼ਹੂਰ ਕਿਸਮਾਂ 1509 ਤੇ 1121 ਦੇ ਮੁੱਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਹੁਣ 30 ਫ਼ੀਸਦ ਤਕ ਵਾਧਾ ਹੋਇਆ ਹੈ। ਜੇਕਰ ਅਮਰੀਕਾ ਦੇ ਤੈਅ ਮਾਪਦੰਡਾਂ 'ਤੇ ਪੰਜਾਬ ਦੇ ਬਾਸਮਤੀ ਚੌਲ ਖਰੇ ਉੱਤਰਦੇ ਹਨ ਤਾਂ ਇਹ ਕਿਸਾਨਾਂ ਲਈ ਵੱਡੀ ਰਾਹਤ ਹੋਵੇਗੀ।