ਖੰਨਾ: ਬਾਹਰੀ ਸੂਬਿਆਂ ਤੋਂ ਸਸਤੇ ਭਾਅ ਵਿੱਚ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਮਹਿੰਗੇ ਭਾਅ ਵੇਚਣ ਦੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਖੰਨਾ ਦੇ ਯੂਨਾਈਟਿਡ ਐਗਰੋ ਇੰਡਸਟਰੀਜ਼ ਰਾਈਸ ਮਿੱਲਜ਼ ਵਿੱਚੋਂ ਬਿਹਾਰ ਤੋਂ ਲਿਆਂਦੇ ਗਏ ਝੋਨੇ ਦੇ ਤਿੰਨ ਟਰੱਕ ਫੜੇ ਹਨ।

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਡਾ. ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਛਾਪੇ ਵਿੱਚ ਕੁੱਲ 4100 ਬੋਰੀਆਂ ਬਿਹਾਰੀ ਝੋਨਾ ਬਰਾਮਦ ਕੀਤਾ ਗਿਆ ਹੈ। ਟਰੱਕ ਚਾਲਕਾਂ ਨੇ ਦੱਸਿਆ ਕਿ ਉਹ ਬਿਹਾਰ ਦੇ ਮੁਜ਼ੱਫ਼ਰਨਗਰ ਤੋਂ ਇਹ ਝੋਨਾ ਲਿਆਏ ਹਨ। ਕੁਝ ਸਮੇਂ ਵਿੱਚ ਹੀ ਇੱਕ ਮਿੱਲ ਮਾਲਕ ਦਾ ਬੰਦਾ ਉਨ੍ਹਾਂ ਤੋਂ ਬਿਲ ਤੇ ਰਸੀਦਾਂ ਆਦਿ ਲੈ ਕੇ ਚਲਾ ਗਿਆ। ਛਾਪੇ ਦੌਰਾਨ ਮਿੱਲ ਮਾਲਕ ਇਸ ਖਰੀਦੇ ਝੋਨੇ ਬਾਰੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।

ਅਧਿਕਾਰੀ ਮੁਤਾਬਕ ਹੋਰਨਾਂ ਸੂਬਿਆਂ ਤੋਂ 800 ਤੋਂ 900 ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਇਹ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ 1770 ਰੁਪਏ ਕੁਇੰਟਲ ਦੇ ਹਿਸਾਬ ਨਾਲ ਘੱਟੋ ਘੱਟ ਸਮਰਥਨ ਮੁੱਲ ਦੇ ਹਿਸਾਬ ਨਾਲ ਵੇਚਿਆ ਜਾਣਾ ਸੀ। ਇੰਨੇ ਝੋਨੇ ਵਿੱਚੋਂ ਤਕਰੀਬਨ ਦੋ ਲੱਖ ਸਿੱਧੇ ਮੁਨਾਫੇ ਤੋਂ ਇਲਾਵਾ ਮੰਡੀਆਂ ਵਿੱਚ ਵੇਚਣ ਦਾ ਕਮਿਸ਼ਨ ਵੱਖਰੇ ਤੌਰ 'ਤੇ ਪ੍ਰਾਪਤ ਕੀਤਾ ਜਾਣਾ ਸੀ। ਇਸ ਤੋਂ ਬਾਅਦ ਝੋਨੇ ਵਿੱਚੋਂ ਚੌਲ ਕੱਢ ਕੇ ਵੱਖਰੇ ਤੌਰ 'ਤੇ ਕਮਾਈ ਕੀਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਇਕ ਮਹੀਨੇ ਵਿੱਚ ਮਾਰੇ ਛਾਪਿਆਂ ਦੌਰਾਨ ਝੋਨੇ ਦੀਆਂ ਤਕਰੀਬਨ 2.5 ਲੱਖ ਬੋਰੀਆਂ ਫੜੀਆਂ ਹਨ ਜਦੋਂ ਕਿ ਪਿਛਲੇ ਸਾਲ ਦੇ ਝੋਨੇ ਦੀਆਂ ਦੋ ਲੱਖ ਬੋਰੀਆਂ ਨੂੰ ਮੌਜੂਦਾ ਸੀਜ਼ਨ 2018-19 ਦੇ ਝੋਨੇ ਵਿੱਚ ਸ਼ਾਮਲ ਕਰਨ ਦਾ ਪਰਦਾਫਾਸ਼ ਕੀਤਾ ਹੈ।