ਵਾਸ਼ਿੰਗਟਨ/ਚੰਡੀਗੜ੍ਹ: ਰੁਜ਼ਗਾਰ ਤੇ ਚੰਗੇ ਜੀਵਨ ਦੀ ਤਲਾਸ਼ ਵਿੱਚ ਲੈਟਿਨ ਅਮਰੀਕੀ ਦੇਸ਼ਾਂ ਹੋਂਡੁਰਾਮ, ਗਵਾਟੇਮਾਲਾ ਤੇ ਸਲਵਾਡੋਰ ਤੋਂ ਕਰੀਬ 10 ਹਜ਼ਾਰ ਲੋਕਾਂ ਦਾ ਕਾਫ਼ਲਾ ਅਮਰੀਕਾ ਵੱਲ ਵਧ ਰਿਹਾ ਹੈ। ਇਨ੍ਹਾਂ ਨੂੰ ਰੋਕਣ ਲਈ ਅਮਰੀਕਾ-ਮੈਕਸਿਕੋ ਬਾਰਡਰ ’ਤੇ 15 ਹਜ਼ਾਰ ਜਵਾਨ ਤਾਇਨਾਤ ਕੀਤੇ ਜਾਣਗੇ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੁਕਮ ਦਿੱਤਾ ਹੈ ਕਿ ਜੇ ਭੀੜ ਨੇ ਫੌਜ ’ਤੇ ਪਥਰਾਅ ਕੀਤਾ ਤਾਂ ਫੌਜ ਨੂੰ ਉਨ੍ਹਾਂ ’ਤੇ ਗੋਲ਼ੀ ਚਲਾਉਣੋਂ ਹਿਚਕਿਚਾਉਣ ਦੀ ਲੋੜ ਨਹੀਂ।
ਖੁੱਲ੍ਹੇਆਮ ਗੋਲ਼ੀਬਾਰੀ ਦੀ ਨਹੀਂ ਇਜਾਜ਼ਤ
ਟਰੰਪ ਨੇ ਕਿਹਾ ਹੈ ਕਿ ਅਮਰੀਕੀ ਫੌਜ ਨਾਜਾਇਜ਼ ਤਰੀਕੇ ਆ ਰਹੇ ਪ੍ਰਵਾਸੀਆਂ ’ਤੇ ਗੋਲ਼ੀ ਨਹੀਂ ਚਲਾਏਗੀ ਪਰ ਜੇ ਲੋਕਾਂ ਨੇ ਫੌਜ ਦੇ ਜਵਾਨਾਂ ’ਤੇ ਪੱਥਰ ਵਰ੍ਹਾਏ, ਜਿਵੇਂ ਉਨ੍ਹਾਂ ਮੈਕਸਿਕੋ ਵਿੱਚ ਕੀਤਾ ਸੀ ਤਾਂ ਇਸ ਦਾ ਜਵਾਬ ਗੋਲ਼ੀਆਂ ਨਾਲ ਦਿੱਤਾ ਜਾਏਗਾ। ਪੱਥਰ ਤੇ ਗੋਲ਼ੀਆਂ ਚਲਾਉਣ ਵਿੱਚ ਜ਼ਿਆਦਾ ਫਰਕ ਨਹੀਂ। ਟਰੰਪ ਨੇ ਕਿਹਾ ਕਿ ਪ੍ਰਵਾਸੀ ਹਿੰਸਕ ਤਰੀਕੇ ਨਾਲ ਫੌਜ ’ਤੇ ਪਥਰਾਅ ਕਰਦੇ ਹਨ। ਤਿੰਨ ਦਿਨ ਪਹਿਲਾਂ ਉਨ੍ਹਾਂ ਇਵੇਂ ਹੀ ਕੀਤਾ ਸੀ ਜਿਸ ਕਰਕੇ ਫੌਜ ਦੇ ਕਈ ਜਵਾਨ ਜ਼ਖ਼ਮੀ ਹੋ ਗਏ ਸਨ ਪਰ ਹੁਣ ਉਨ੍ਹਾਂ ਨੂੰ ਜਵਾਬ ਦਿੱਤਾ ਜਾਏਗਾ।
ਪੱਥਰਾਂ ਦਾ ਜਵਾਬ ਗੋਲ਼ੀਆਂ ਨਾਲ
ਇਸ ਦੇ ਨਾਲ ਹੀ ਟਰੰਪ ਨੇ ਇਹ ਸਵਾਲ ਵੀ ਉਠਾਇਆ ਕਿ ਆਖਰ ਕੋਈ ਦੇਸ਼ (ਮੈਕਸਿਕੋ) ਇਨ੍ਹਾਂ ਨੂੰ ਰੋਕ ਕਿਉਂ ਨਹੀਂ ਪਾ ਰਿਹਾ? ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਹੀ ਰੋਕ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਮਰੀਕਾ ਵਿੱਚ 10 ਹਜ਼ਾਰ ਲੋਕਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਸਰਹੱਦ ’ਤੇ 15 ਹਜ਼ਾਰ ਜਵਾਨ ਤਾਇਨਾਤ ਰਹਿਣਗੇ।
ਮੌਜੂਦਾ ਮੈਕਸੀਕੋ ਸਰਹੱਦ ’ਤੇ ਨੈਸ਼ਨਲ ਗਾਰਡ ਦੇ 2,100 ਜਵਾਨਾਂ ਸਣੇ ਕਰੀਬ 5,800 ਜਵਾਨ ਤਾਇਨਾਤ ਹਨ। ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਂ ਦਿੱਤਾ ਗਿਆ ਹੈ। ਮੈਕਸੀਕੋ ਤੋਂ ਸ਼ਰਨ ਲੈਣ ਲਈ ਅਮਰੀਕਾ ਨੂੰ ਕਰੀਬ 300 ਅਰਜ਼ੀਆਂ ਰੋਜ਼ਾਨਾ ਆ ਰਹੀਆਂ ਹਨ।