ਗੁਰਦਾਸਪੁਰ: ਬਟਾਲਾ ਪਟਾਕਾ ਫੈਕਰਟੀ ਵਿੱਚ ਹੋਏ ਧਮਾਕੇ ਦੌਰਾਨ ਸਿਮਰਜੀਤ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਕੀਤੀ ਬਦਸਲੂਕੀ ਦੇ ਵਿਰੋਧ ਵਿੱਚ ਗੁਰਦਾਸਪੁਰ 'ਚ ਪਟਵਾਰੀਆਂ, ਡੀਸੀ ਦਫ਼ਤਰ ਦੇ ਕਰਮਚਾਰੀਆਂ ਤੇ ਤਹਿਸੀਲਦਾਰਾਂ ਨੇ ਕਲਮ ਛੋੜ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਜਲਦ ਤੋਂ ਜਲਦ ਬੈਂਸ ਦੀ ਗ੍ਰਿਫ਼ਤਾਰੀ ਕਰਨ ਤੇ ਉਨ੍ਹਾਂ ਨੂੰ ਵਿਧਾਇਕ ਦੇ ਅਹੁਦੇ ਤੋਂ ਲਾਹੁਣ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।


ਬਟਾਲਾ ਵਿੱਚ ਹੋਏ ਪਟਾਕਾ ਫ਼ੈਕਟਰੀ ਦੇ ਧਮਾਕੇ ਦੇ ਚੱਲਦਿਆਂ ਲੁਧਿਆਣਾ ਤੋਂ ਐਮਐਲਏ ਸਿਮਰਜੀਤ ਸਿੰਘ ਬੈਂਸ ਦੀ ਡੀਸੀ ਨਾਲ ਹੋਈ ਬਹਿਸ 'ਤੇ ਜ਼ੀਰਾ ਵਿੱਚ ਐਸਡੀਐਮ ਨਾਲ ਹੋਏ ਦੁਰਘਟਨਾ ਦਾ ਮਾਮਲਾ ਦਿਨੋ-ਦਿਨ ਭਖਦਾ ਨਜ਼ਰ ਆ ਰਿਹਾ ਹੈ। ਜਿੱਥੇ ਅੱਜ ਬਟਾਲਾ ਡੀਸੀ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਬਠਿੰਡਾ ਦੇ ਡੀਸੀ ਕਰਮਚਾਰੀਆਂ ਵੱਲੋਂ ਵੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।


ਡੀਸੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਿਮਰਜੀਤ ਬੈਂਸ ਗੁੰਡਾ ਐਮਐਲਏ ਹੈ, ਬਠਿੰਡੇ ਵਿੱਚ ਆ ਕੇ ਦਿਖਾਵੇ ਫਿਰ ਦੱਸਦੇ ਹਾਂ ਉਸ ਨੂੰ ਕਿਵੇਂ ਕਰਮਚਾਰੀਆਂ ਨਾਲ ਪੰਗਾ ਲਈਦਾ ਹੈ। ਲੁਧਿਆਣਾ ਤੋਂ ਚੁਣਿਆ ਹੋਇਆ ਨੁਮਾਇੰਦਾ ਸਿਮਰਨਜੀਤ ਬੈਂਸ ਐਮਐਲਏ ਨੂੰ ਅਸੀਂ ਗੁੰਡਾ ਅਨਸਰ ਐਲਾਨ ਦਿੱਤਾ ਹੈ।


ਉਨ੍ਹਾਂ ਕਿਹਾ ਕਿ ਬੈਂਸ ਆਪਣੇ ਨਾਲ ਵੀ 20-25 ਗੁੰਡਿਆਂ ਨੂੰ ਲੈ ਕੇ ਹੁੱਲੜਬਾਜ਼ੀ ਕਰਦੇ ਹੋਏ ਗਏ ਸੀ। ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਚੱਲਦੇ ਅੱਜ ਅਸੀਂ ਉਨ੍ਹਾਂ ਦੇ ਖਿਲਾਫ ਵਿਰੋਧ ਕਰ ਰਹੇ ਹਾਂ। ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜੇ ਸ਼ਾਮ ਤਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਪੰਜਾਬ ਦੇ ਹਾਲਾਤ ਵਿਗੜਨਗੇ।