ਲੁਧਿਆਣਾ: ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੇ ਮੈਂਬਰ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਨਵਾਂ ਸਿਆਸੀ ਦਾਅ ਖੇਡਿਆ ਹੈ। ਵਿਧਾਇਕ ਬੈਂਸ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਵੱਧ ਰਹੀਆਂ ਦੂਰੀਆਂ ਨੂੰ ਦੇਖਦਿਆਂ ਸਿੱਧੂ ਨੂੰ ਪੀਡੀਏ ’ਚ ਬਤੌਰ ਮੁੱਖ ਮੰਤਰੀ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।


ਬੈਂਸ ਨੇ ਪੰਜਾਬ ਵਜ਼ਾਰਤ ਵਿੱਚ ਹੋਈ ਰੱਦੋਬਦਲ ਬਾਰੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਨੇ ਆਵਾਜ਼-ਏ-ਪੰਜਾਬ ਫਰੰਟ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ, ਉਨ੍ਹਾਂ ਨੇ ਉਦੋਂ ਵੀ ਸਿੱਧੂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਇਨ੍ਹਾਂ ਆਗੂਆਂ ਨਾਲ ਨਹੀਂ ਬਣੇਗੀ ਅਤੇ ਉਹ ਗੱਲ ਅੱਜ ਸਹੀ ਸਾਬਿਤ ਹੋਈ ਹੈ। ਇਸ ਲਈ ਸਿੱਧੂ ਚਾਹੁਣ ਤਾਂ ਪੀਡੀਏ ’ਚ ਸ਼ਾਮਲ ਹੋ ਕੇ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਸਕਦੇ ਹਨ।

ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਸਿੱਧੂ ਪੀਡੀਏ ਵਿੱਚ ਰਲਦੇ ਹਨ ਤਾਂ ਉਹ ਉਨ੍ਹਾਂ ਨੂੰ ਅਲਾਇੰਸ ਵੱਲੋਂ 2022 ਦਾ ਮੁੱਖ ਮੰਤਰੀ ਐਲਾਨ ਕੇ ਜਨਤਾ ’ਚ ਜਾਣ ਲਈ ਤਿਆਰ ਹਨ। ਪੀਡੀਏ ਦੇ ਦੂਜੇ ਮੁੱਖ ਭਾਈਵਾਲ ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਸਿੱਧੂ ਪ੍ਰਤੀ ਪਹਿਲਾਂ ਤੋਂ ਹੀ ਸੁਹਿਰਦ ਹਨ।