ਚੰਡੀਗੜ੍ਹ: ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਭਾਈ ਕਨ੍ਹਈਆ ਜੀ ਦੀ ਬਰਸੀ ਨੂੰ ਜਨਮ ਦਿਵਸ ਦੱਸੇ ਜਾਣ ਦੇ ਬਿਆਨ 'ਤੇ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ। ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਦੇ ਦਿਮਾਗ ਨੂੰ ਸੱਤਾ ਚੜ੍ਹੀ ਹੋਈ ਹੈ। ਅਜਿਹੇ 'ਚ ਆਦਮੀ ਹੰਕਾਰੀ ਹੋ ਜਾਂਦਾ ਹੈ। ਬੈਂਸ ਨੇ ਕਿਹਾ ਕਿ ਹੰਕਾਰ 'ਚ ਵੱਡੀਆਂ-ਵੱਡੀਆਂ ਗਲਤੀਆਂ ਹੋ ਜਾਂਦੀਆਂ ਹਨ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ ਜਾਣ 'ਤੇ ਬੈਂਸ ਨੇ ਕਿਹਾ ਕਿ ਸਾਰੇ ਮੰਤਰੀ ਤੇ ਵਿਰੋਧੀ ਪਾਰਟੀਆਂ ਨਵਜੋਤ ਸਿੱਧੂ ਦੇ ਪਿੱਛੇ ਪਏ ਹੋਏ ਹਨ ਕਿ ਸਿੱਧੂ ਉੱਥੇ ਕੀ ਮੰਗ ਕਰਕੇ ਆਏ ਹਨ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ਲਾਂਘਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਕੇਂਦਰ 'ਚ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।