ਚੰਡੀਗੜ੍ਹ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਿੱਚ ਨੌਜਵਾਨ ਵਰਗ ਦੀ ਵੱਡੀ ਭੂਮਿਕਾ ਰਹੀ ਹੈ। ਮਰਹੂਮ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ’ਚ ਮੌਤ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਘਟਨਾਵਾਂ ਮਗਰੋਂ ਨੌਜਵਾਨ ਵਰਗ ਦਾ ਝੁਕਾਅ ਸਿਮਰਨਜੀਤ ਸਿੰਘ ਮਾਨ ਵੱਲ ਹੋਇਆ, ਜੋ ਮਾਨ ਦੀ ਜਿੱਤ ਦਾ ਕਾਰਨ ਮੰਨਿਆ ਜਾ ਰਿਹਾ ਹੈ। 


ਅਹਿਮ ਗੱਲ ਹੈ ਕਿ ਇਸ ਵਾਰ ਨੌਜਵਾਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੋਟ ਪਾਈ ਹੈ। ਬੇਸ਼ੱਕ ਕਈ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਝਟਕਾ ਲੱਗਾ ਪਰ ਸਿਮਰਨਜੀਤ ਸਿੰਘ ਮਾਨ ਨੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਦੀ ਵੋਟ ਨੂੰ ਸੰਨ੍ਹ ਲਾਈ ਹੈ। ਇਸ ਲਈ ਅਕਾਲੀ ਦਲ (ਬ) ਤੇ ਕਾਂਗਰਸ ਲਈ ਖਤਰੇ ਦੀ ਘੰਟੀ ਸਾਫ ਨਜ਼ਰ ਆ ਰਹੀ ਹੈ। 


ਹਾਸਲ ਅੰਕੜਿਆਂ ਮੁਤਾਬਕ ਸਾਲ 2019 ਦੇ ਮੁਕਾਬਲੇ ‘ਆਪ’ ਦੀ ਵੋਟ ਕਰੀਬ 2.5 ਫੀਸਦੀ ਹੀ ਘਟੀ ਹੈ ਪਰ ਅਕਾਲੀ ਦਲ ਦੀ ਵੋਟ 23.8 ਫੀਸਦੀ ਤੋਂ ਘਟ ਕੇ ਸਿਰਫ਼ 6.25 ਰਹਿ ਗਈ ਹੈ। ਭਾਵ ਅਕਾਲੀ ਦਲ ਦੀਆਂ 17 ਫੀਸਦੀ ਵੋਟਾਂ ਨੂੰ ਖੋਰਾ ਲੱਗਿਆ ਹੈ। ਇਸੇ ਤਰ੍ਹਾਂ 2019 ਵਿੱਚ ਕਾਂਗਰਸ ਦੀ ਵੋਟ 27.4 ਫੀਸਦੀ ਸੀ, ਜੋ ਹੁਣ 11.21 ਫੀਸਦੀ ਰਹਿ ਗਈ ਹੈ। ਸਿਮਰਨਜੀਤ ਸਿੰਘ ਮਾਨ ਨੂੰ 2019 ਦੀ ਸੰਸਦੀ ਚੋਣ ਵਿੱਚ ਸਿਰਫ਼ 4.37 ਫੀਸਦੀ ਵੋਟਾਂ ਮਿਲੀਆਂ ਸੀ, ਜਦਕਿ ਹੁਣ 35.61 ਫੀਸਦੀ ਵੋਟਾਂ ਮਿਲੀਆਂ ਹਨ। 


‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦਾਅਵਾ ਕੀਤਾ ਕਿ ‘ਆਪ’ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੁਕਾਬਲੇ ਸਿਰਫ਼ 2 ਫ਼ੀਸਦ ਵੋਟਾਂ ਘਟੀਆਂ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਜਿੱਤ-ਹਾਰ ਤੋਂ ਘਬਰਾਉਣ ਵਾਲੀ ਨਹੀਂ। ਅਸੀਂ ਆਮ ਲੋਕਾਂ ’ਚੋਂ ਹਾਂ ਤੇ ਲੋਕਾਂ ਵਿੱਚ ਰਹਾਂਗੇ। ਉਨ੍ਹਾਂ ਕਿਹਾ ਕਿ ਉਹ ਇਸ ਚੋਣ ਤੋਂ ਸਬਕ ਸਿੱਖਣਗੇ ਤੇ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਲਈ ਹੋਰ ਮਿਹਨਤ ਨਾਲ ਕੰਮ ਕਰਾਂਗੇ।