ਬਰਨਾਲਾ: ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਹੋਏ ਨਿਰੰਕਾਰੀ ਭਵਨ 'ਤੇ ਬੰਬ ਧਮਾਕੇ ਨੂੰ ਲੈ ਕੇ ਸਿਆਸਤ ਗਰਮਾ ਰਹੀ ਹੈ। ਇਸ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਮਗਰੋਂ ਮਾਮਲਾ ਸਲਝਾਉਣ ਦਾ ਦਾਅਵਾ ਕੀਤਾ ਹੈ ਪਰ ਕੁਝ ਸਿੱਖ ਜਥੇਬੰਦੀਆਂ ਸਵਾਲ ਉਠਾ ਰਹੀਆਂ ਹਨ।


ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਵਾਲ ਚੁੱਕਿਆ ਹੈ ਕਿ ਕੇਂਦਰ ਦੀਆਂ ਏਜੰਸੀਆਂ ਤੇ ਪੰਜਾਬ ਸਰਕਾਰ ਦੀ ਜਾਂਚ 'ਤੇ ਕੋਈ ਭਰੋਸਾ ਨਹੀਂ। ਉਨ੍ਹਾਂ ਕਿਹਾ ਕਿ ਮੁਲਜ਼ਮ ਦੱਸੇ ਜਾ ਰਹੇ ਸਿੱਖ ਨੌਜਵਾਨ ਨਿਰਦੋਸ਼ ਹਨ। ਮਾਨ ਨੇ ਕਿਹਾ ਕਿ ਆਈਐਸਆਈ ਤੇ ਸਿੱਖ ਨੌਜਵਾਨਾਂ ਸਿਰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੜ੍ਹੇ ਦੋਸ਼ਾਂ ਨੂੰ ਉਹ ਸਿਰੇ ਤੋਂ ਖਾਰਜ ਕਰਦੇ ਹਨ।

ਉਨ੍ਹਾਂ ਕਿਹਾ ਕਿ ਆਈਐਸਆਈ ਤੇ ਖਾਲਿਸਤਾਨੀ ਜੇਕਰ ਇਹ ਹਮਲਾ ਕਰਦੇ ਤਾਂ ਏਅਰਪੋਰਟ ਜਾਂ ਹੋਰ ਕਿਸੇ ਜਗ੍ਹਾ ਨੂੰ ਨਿਸ਼ਾਨਾ ਬਣਾਉਂਦੇ। ਉਨ੍ਹਾਂ ਕਿਹਾ ਕਿ ਖਾਲਿਸਤਾਨੀਆਂ ਤੇ ਆਈਐਸਆਈ ਦਾ ਨਿਰੰਕਾਰੀਆਂ ਨਾਲ ਕਦੇ ਕੋਈ ਰੌਲ਼ਾ ਹੀ ਨਹੀਂ।

ਮਾਨ ਨੇ ਇਹ ਵੀ ਐਲਾਨ ਕੀਤਾ ਕਿ ਲੋਕ ਸਭਾ ਚੋਣ ਸੰਗਰੂਰ ਹਲਕੇ ਤੋਂ ਹੀ ਲੜਨਗੇ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਤੇ ਹੋਰ ਹਮਖਿਆਲੀ ਪਾਰਟੀਆਂ ਨਾਲ ਮਿਲਕੇ ਮੰਚ ਬਣਾਉਣ ਦਾ ਬਾਰੇ ਫ਼ੈਸਲਾ ਬਗਰਾੜੀ ਮੋਰਚੇ 'ਤੇ ਛੱਡਿਆ ਹੈ।