Punjab News: ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਤੇ ਨਵੇਂ ਜਥੇਦਾਰ ਥਾਪਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਸੂਤੀ ਘਿਰ ਗਈ ਹੈ। ਨਿਹੰਗ ਸਿੰਘ ਜਥੇਬੰਦੀਆਂ ਤੋਂ ਬਾਅਦ ਦਮਦਮੀ ਟਕਸਾਲ ਵੀ ਖੁੱਲ੍ਹ ਕੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਖਿਲਾਫ ਡਟ ਗਈ ਹੈ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ਦੀਆਂ ਜਥੇਬੰਦੀਆਂ ਤੇ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਖਿਲਾਫ ਨਿੱਤਰ ਆਈਆਂ ਹਨ। ਇਸ ਲਈ ਅਗਲੇ ਦਿਨਾਂ ਅੰਦਰ ਮਾਮਲਾ ਹੋਰ ਗੰਭੀਰ ਹੋਣ ਦੇ ਆਸਾਰ ਬਣ ਗਏ ਹਨ। ਹੁਣ ਇਸ ਮਾਮਲੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਨਕੋਦਰ ਵਿਖੇ ਸਮਾਗਮ ਦੌਰਾਨ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਦਾ ਕਿਸੇ ਨਿੱਜੀ ਸਿੱਖ ਨਾਲ ਕੋਈ ਵਿਰੋਧ ਨਹੀਂ ਪਰ ਉਨ੍ਹਾਂ ਦਾ ਵਿਰੋਧ ਉਨ੍ਹਾਂ ਨਾਲ ਹੈ ਜੋ ਪ੍ਰੰਪਰਾਵਾਂ ਬਦਲ ਰਹੇ ਹਨ। ਇਸ ਦੇ ਨਾਲ ਹੀ ਕਿਹਾ ਕਿ ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਘਰ ਬੁਲਾ ਕੇ ਇੱਕ ਧੜੇ ਨਾਲ ਸਬੰਧਿਤ ਆਗੂ ਦਸਤਾਰ ਦੇ ਜਥੇਦਾਰੀ ਘਰੋਂ ਦੇ ਦਿਆ ਕਰਨਗੇ
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਦੀਆਂ ਉਹ ਮਦਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਬਤ ਕਿਹਾ ਕਿ ਜੇ ਬਿਕਰਮ ਸਿੰਘ ਮਜੀਠੀਆ ਸਿੰਘ ਸਾਹਿਬਾਨ ਦੇ ਹੱਕ 'ਚ ਬੋਲੇ ਤਾਂ ਇਨ੍ਹਾਂ ਦੇ ਆਈ ਟੀ ਵਿੰਗ ਨੇ ਉਨ੍ਹਾਂ ਨੂੰ ਵੀ ਨਹੀਂ ਛੱਡਿਆ ਗਿਆ। ਇਸ ਮੌਕੇ ਉਨ੍ਹਾਂ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਇਹ ਧੜੇ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ ਆਖਣ ਕਿ ਮਰਦੇ ਮਰਜਾਗੇ ਪਰ ਭਾਜਪਾ ਨਾਲ ਸਮਝੌਤਾ ਨਹੀਂ ਕਰਦੇ ਪਰ ਇਹ ਤਾਂ ਭਾਜਪਾ ਦੀਆਂ ਲੇਲ੍ਹੜੀਆਂ ਕੱਢ ਰਹੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਵੇਂ ਜਥੇਦਾਰ ਦੀ ਭਰਤੀ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੂੰ ਹੇਠਾ ਕਰਨ ਲਈ ਸਕੱਤਰ ਤੋਂ ਬਿਆਨ ਦਿਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਦੋ ਦਸੰਬਰ ਤੋ ਬਾਅਦ ਮੈਨੂੰ ਕਈ ਵਾਰ ਇਹ ਆਫਰ ਦਿੱਤੀ ਗਈ ਕਿ ਤੁਸੀ ਇਹ ਹੁਕਮਨਾਮਾ ਬਦਲੋ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾ ਦਿੰਦੇ ਹਾਂ ਪਰ ਜਦੋਂ ਮੈਂ ਜਵਾਬ ਦਿੱਤਾ ਮੇਰੀ ਕਿਰਦਾਰਕੁਸ਼ੀ ਸ਼ੁਰੂ ਕਰ ਦਿੱਤੀ
ਇਸ ਮੌਕੇ ਉਨ੍ਹਾਂ ਨੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੀ ਪੰਜ ਮੈਂਬਰੀ ਕਮੇਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਵਧ ਤੋ ਵਧ ਭਰਤੀ ਚ ਸਹਿਯੋਗ ਕਰੀਏ
ਦਮਦਮੀ ਟਕਸਾਲ ਨੇ ਵੀ ਕੀਤਾ ਵਿਰੋਧ
ਦਰਅਸਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਪੰਥਕ ਮਰਯਾਦਾ ਦੇ ਨਿਰਾਦਰ ਨੂੰ ਦੇਖਦੇ ਹੋਏ 14 ਮਾਰਚ ਨੂੰ ਪੰਜ ਪਿਆਰਾ ਪਾਰਕ ਦੇ ਸਾਹਮਣੇ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਸ਼੍ਰੀ ਅਨੰਦਪੁਰ ਸਾਹਿਬ) ਵਿਖੇ ਸਿੱਖ ਸੰਗਤ ਦਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਤੇ ਸਮੁੱਚੇ ਪੰਥ ਨੂੰ ਇਸ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।