ਚੰਡੀਗੜ੍ਹ: ਮੁਲਤਾਨੀ ਅਗਵਾ ਤੇ ਲਾਪਤਾ ਕੇਸ ਵਿੱਚ ਸਿੱਟ ਨੇ ਅੱਜ ਸਾਬਕਾ ਡੀਜੀਪੀ ਸੁਮੇਧ ਸੈਣੀ ਨੰ ਮੁੜ ਤਲਬ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਸੈਣੀ ਨੂੰ ਤੀਜੀ ਵਾਰ ਨੋਟਿਸ ਭੇਜ ਕੇ ਅੱਜ ਮੁਹਾਲੀ ਦੇ ਮਟੌਰ ਥਾਣੇ ’ਚ ਪੇਸ਼ ਹੋਣ ਲਈ ਕਿਹਾ ਹੈ। ਪਿਛਲੀ ਵਾਰ ਸੈਣੀ ਤੋਂ ਛੇ ਘੰਟੇ ਪੁੱਛਗਿੱਛ ਹੋਈ ਸੀ ਪਰ ਸਿੱਟ ਨੂੰ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ ਸੀ।


ਦੱਸ ਦਈਏ ਕਿ ਸੈਣੀ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਦੋਸ਼ਾਂ ਵਿੱਚ ਘਿਰਿਆ ਹੋਇਆ ਹੈ। ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਸੈਣੀ ਨੂੰ ਗ੍ਰਿਫਤਾਰੀ ਤੋਂ ਆਰਜ਼ੀ ਰਾਹਤ ਦਿੱਤੀ ਹੋਈ ਹੈ। ਇਸ ਲਈ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ।

ਸੈਣੀ ਤੋਂ ਬੀਤੇ ਦਿਨ ਵੀ ਮਟੌਰ ਥਾਣੇ ਵਿੱਚ ਪੁੱਛਗਿੱਛ ਕੀਤੀ ਗਈ ਸੀ ਪਰ ਹਾਲੇ ਵੀ ਬਹੁਤ ਸਾਰੇ ਅਹਿਮ ਤੱਥਾਂ ਬਾਰੇ ਜਾਣਕਾਰੀ ਨਹੀਂ ਮਿਲੀ। ਸੂਤਰਾਂ ਮੁਤਾਬਕ ਕਿ ਅੱਜ ਵਾਅਦਾ ਮੁਆਫ਼ ਗਵਾਹ ਬਣੇ ਤੇ ਚਸ਼ਮਦੀਦ ਗਵਾਹਾਂ ਨੂੰ ਵੀ ਸੱਦਿਆ ਜਾ ਸਕਦਾ ਹੈ ਕਿਉਂਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਵਾਅਦਾ ਮੁਆਫ਼ ਗਵਾਹ ਤੇ ਚਸ਼ਮਦੀਦ ਗਵਾਹਾਂ ਤੇ ਸੈਣੀ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਲਾਜ਼ਮੀ ਹੈ।