ਨਵੀਂ ਦਿੱਲੀ: ਪਿੰਡ ਗੁਰੂਸਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਲੋੜੀਂਦੇ ਡੇਰਾ ਪ੍ਰੇਮੀ ਜਤਿੰਦਰਬੀਰ ਸਿੰਘ ਅਰੋੜਾ ਉਰਫ਼ ਜਿੰਮੀ ਨੂੰ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿੰਮੀ ਦੇ ਨਾਲ-ਨਾਲ ਐਸਆਈਟੀ ਨੇ ਤਿੰਨ ਹੋਰ ਡੇਰਾ ਪ੍ਰੇਮੀਆਂ ਨੂੰ ਵੀ ਹਿਰਾਸਤ ’ਚ ਲਿਆ ਹੈ। ਬੇਅਦਬੀ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਜਿੰਮੀ ਵਿਦੇਸ਼ ਦੌੜ ਗਿਆ ਸੀ। ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਨੇ ਇਸ ਗ੍ਰਿਫਤਾਰੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਚਾਰ ਵੱਡੇ ਕੇਸ ਹੱਲ ਹੋਣ ਕਿਨਾਰੇ ਪੁੱਜਣ ਦੀ ਆਸ ਕੀਤੀ ਜਾ ਰਹੀ ਹੈ।


ਸੂਤਰਾਂ ਮੁਤਾਬਕ ਜਿੰਮੀ ਨੇ ਦੀਵਾਲੀ ਵਾਲੀ ਰਾਤ ਨੂੰ ਮਲੇਸ਼ੀਆ ਤੋਂ ਭਾਰਤ ਪਰਤਣਾ ਸੀ ਅਤੇ ਪੁਲਿਸ ਨੂੰ ਸੂਹ ਮਿਲਣ 'ਤੇ ਉਸ ਨੂੰ ਐਸਆਈਟੀ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਵੀਰਵਾਰ ਨੂੰ ਉਸ ਨੂੰ ਰਾਮਪੁਰਾ ਫੂਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਤਕਰੀਬਨ 25 ਕਿਲੋਮੀਟਰ ਦੇ ਇਲਾਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਵਿੱਚੋਂ ਦੋ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਸੀ ਜਦਕਿ ਭਗਤਾ ਭਾਈਕਾ ਤੇ ਮੱਲ ਕੇ ਦੀ ਜਾਂਚ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਨੂੰ ਸੌਂਪੀ ਗਈ ਸੀ।

ਐਸਆਈਟੀ ਨੇ ਕੁਝ ਦਿਨ ਪਹਿਲਾਂ ਸੰਗਰੂਰ ਜੇਲ੍ਹ 'ਚੋਂ ਪ੍ਰਿਥੀ ਨਾਂਅ ਦੇ ਡੇਰਾ ਪ੍ਰੇਮੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਹੀ ਪਿੰਡ ਮੱਲ ਕੇ ਦੇ ਦੋ ਡੇਰਾ ਪ੍ਰੇਮੀ ਹਿਰਾਸਤ ਵਿੱਚ ਲਏ ਗਏ ਸਨ। ਇਸ ਤੋਂ ਬਾਅਦ ਪਿੰਡ ਮੱਲ ਕੇ ਦੀ ਬੇਅਦਬੀ ਦਾ ਮਾਮਲਾ ਹੱਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਖ਼ਰੀ ਮਾਮਲਾ ਗੁਰੂਸਰ ਦਾ ਬਚਿਆ ਹੈ ਅਤੇ ਹੁਣ ਡੇਰਾ ਪ੍ਰੇਮੀ ਜਿੰਮੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਵੀ ਹੱਲ ਹੁੰਦਾ ਜਾਪ ਰਿਹਾ ਹੈ।