ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਵਾਪਰੇ ਗੋਲੀ ਕਾਂਡ ਵਿੱਚ ਗ੍ਰਿਫਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ ਨੇ 10 ਦਾ ਪੁਲਿਸ ਰਿਮਾਂਡ ਮੰਗਿਆ ਪਰ ਡਿਊਟੀ ਮਜਿਸਟ੍ਰੇਟ ਏਕਤਾ ਉੱਪਲ ਨੇ ਉਮਰਾਨੰਗਲ ਦਾ ਚਾਰ ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ। ਹੁਣ ਪੁਲਿਸ ਉਮਰਾਨੰਗਲ ਤੋਂ 23 ਫਰਵਰੀ ਤੱਕ ਪੁੱਛਗਿੱਛ ਕਰੇਗੀ।
ਯਾਦ ਰਹੇ ਉਮਰਾਨੰਗਲ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਤੇ ਸਿਆਸੀ ਹਲਕਿਆਂ ਵਿੱਚ ਭੂਚਾਲ ਆਇਆ ਹੋਇਆ ਹੈ। ਚਰਚਾ ਹੈ ਕਿ ਹੁਣ ਹੋਰ ਵੱਡੇ ਅਫਸਰਾਂ ਦੀ ਵੀ ਸ਼ਾਮਤ ਆ ਸਕਦੇ ਹੈ। ਸਿੱਟ ਨੇ ਦਾਅਵਾ ਕੀਤਾ ਸੀ ਕਿ ਉਮਰਾਨੰਗਲ ਨੇ ਪੁੱਛਗਿੱਛ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ। ਉਨ੍ਹਾਂ ਨੇ ਸਾਰੇ ਸਵਾਲਾਂ ਦਾ ਜਵਾਬ ਗੋਲਮੋਲ ਦਿੱਤਾ ਹੈ।
ਇਸ ਕਰਕੇ ਹਾਲਤ ਹੋਰ ਸ਼ੱਕੀ ਹੋ ਗਈ ਹੈ। ਉਮਰਾਨੰਗਲ 'ਤੇ ਸਭ ਤੋਂ ਵੱਡਾ ਸਵਾਲ ਉਹ ਹੀ ਹੈ ਕਿ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੁੰਦਿਆਂ ਫਰੀਦਕੋਟ ਕਿਉਂ ਗਏ। ਉਨ੍ਹਾਂ ਨੇ ਹੀ ਬਹਿਬਲ ਗੋਲੀ ਕਾਂਡ ਵੇਲੇ ਪੁਲਿਸ ਦੀ ਕਮਾਨ ਕਿਉਂ ਸੰਭਾਲੀ। ਇਸ ਤੋਂ ਇਲਾਵਾ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਇਹ ਵੀ ਵੱਡਾ ਸਵਾਲ ਹੈ।
ਯਾਦ ਰਹੇ ਸੋਮਵਾਰ ਨੂੰ ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲਿਆਂ ਨਾਲ ਜੁੜੇ ਇਸ ਵਿਵਾਦਤ ਪੁਲਿਸ ਅਧਿਕਾਰੀ ਨੂੰ ਚੰਡੀਗੜ੍ਹ ਦੇ ਸੈਕਟਰ-9 ਵਿਚਲੇ ਪੁਲਿਸ ਹੈੱਡਕੁਆਰਟਰ ਦੀ ਇਮਾਰਤ ’ਚੋਂ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੀਟਿੰਗ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ। ਉਮਰਾਨੰਗਲ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਐਸਆਈਟੀ ਉਸ ਨੂੰ ਫ਼ਰੀਦਕੋਟ ਲੈ ਗਈ ਸੀ।