ਚੰਡੀਗੜ੍ਹ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਬਹਿਬਲ ਕਲਾਂ ਗੋਲੀ ਕਾਂਡ ਤੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸਿੱਟ ਇਸ ਮਾਮਲੇ ਦੀ ਜਾਂਚ ਜਲਦ ਤੋਂ ਜਲਦ ਕਰਕੇ ਰਿਪੋਰਟ ਸੌਂਪਣ ਦੇ ਰੌਂਅ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਬਾਰੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਐਕਸ਼ਨ ਲੈਣਾ ਚਾਹੁੰਦੀ ਹੈ।
ਇਸ ਤਹਿਤ ਸਿੱਟ ਦੇ ਹੱਥ ਹੁਣ ਸੀਨੀਅਰ ਪੁਲਿਸ ਅਫਸਰਾਂ ਤੱਕ ਪਹੁੰਚੇ ਹਨ। ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਸਿੱਟ ਨੇ ਏਡੀਜੀਪੀ ਰੋਹਿਤ ਚੌਧਰੀ, ਆਈਜੀ ਰੈਂਕ ਦੇ ਤਿੰਨ ਪੁਲਿਸ ਅਧਿਕਾਰੀਆਂ, ਫ਼ਰੀਦਕੋਟ ਦੇ ਸਾਬਕਾ ਕਮਿਸ਼ਨਰ ਤੇ ਸੀਨੀਅਰ ਆਈਏਐਸ ਅਧਿਕਾਰੀ ਵੀਕੇ ਮੀਨਾ ਸਮੇਤ ਸੱਤ ਸਿਵਲ ਤੇ ਪੁਲਿਸ ਅਫ਼ਸਰਾਂ ਤੋਂ ਤਿੱਖੇ ਸਵਾਲ ਕੀਤੇ। ਐਸਆਈਟੀ ਦੇ ਮੁਖੀ ਤੇ ਵਧੀਕ ਡੀਜੀਪੀ (ਇਨਵੈਸਟੀਗੇਸ਼ਨ) ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਇਨ੍ਹਾਂ ਅਫਸਰਾਂ ਤੋਂ ਜਾਣਨਾ ਚਾਹਿਆ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ।
ਸਿੱਟ ਵੱਲੋਂ ਜਤਿੰਦਰ ਜੈਨ, ਪਰਮਰਾਜ ਸਿੰਘ ਉਮਰਾਨੰਗਲ, ਅਮਰ ਸਿੰਘ ਚਹਿਲ, ਵੀਕੇ ਮੀਨਾ ਆਈਏਐਸ, ਹਰਜੀਤ ਸਿੰਘ ਸੰਧੂ (ਉਸ ਸਮੇਂ ਦੇ ਐਸਡੀਐਮ ਕੋਟਕਪੂਰਾ) ਤੇ ਪਰਮਜੀਤ ਸਿੰਘ ਪੰਨੂ ਪੀਪੀਐਸ ਨੂੰ ਮੰਗਲਵਾਰ ਤਲਬ ਕੀਤਾ ਸੀ। ਸਿੱਟ ਦੇ ਨਿਸ਼ਾਨੇ 'ਤੇ ਪਰਮਰਾਜ ਸਿੰਘ ਉਮਰਾਨੰਗਲ ਤੇ ਅਮਰ ਸਿੰਘ ਭੁੱਲਰ ਹੀ ਰਹੇ ਜਿਨ੍ਹਾਂ ਨੂੰ ਰਾਤ ਤੱਕ ਬਿਠਾਈ ਰੱਖਿਆ।
ਸਿੱਟ ਵੱਲੋਂ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤਾਇਨਾਤ ਰਹੇ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ।