ਅੰਮ੍ਰਿਤਸਰ: ਇੱਥੋਂ ਦੇ ਕਸਬਾ ਬਿਆਸ ਦੇ ਪ੍ਰਾਈਵੇਟ ਸਕੂਲ 'ਚ ਦੂਸਰੀ ਕਲਾਸ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਅਜੇ ਵੀ ਠੰਢਾ ਨਹੀਂ ਪਿਆ। ਇਸ ਮਾਮਲੇ 'ਚ ਪੁਲਿਸ ਨੇ ਕਸੂਰਵਾਰ ਵਿਦਿਆਰਥੀ ਖਿਲਾਫ਼ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਸਕੂਲ ਬਾਹਰ ਅੱਜ ਤੀਸਰੇ ਦਿਨ ਵੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਧਰਨਾ ਜਾਰੀ ਹੈ।


ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਇਸ ਮਾਮਲੇ 'ਚ ਲਾਪ੍ਰਵਾਹੀ ਵਰਤਣ ਦੇ ਜ਼ਿੰਮੇਵਾਰ ਸਕੂਲ ਪ੍ਰਬੰਧਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸੇ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਇਹ ਵੀ ਮੰਗ ਕਰ ਰਹੇ ਹਨ ਕਿ ਇਸ ਮਾਮਲੇ 'ਚ ਮਾਪਿਆਂ ਨਾਲ ਗਲਤ ਵਿਹਾਰ ਕਰਨ ਵਾਲੇ ਡੀਐਸਪੀ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਡੀਐਸਪੀ ਨੇ ਕਾਰਵਾਈ ਦੀ ਮੰਗ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨਾਲ ਦੁਰਵਿਹਾਰ ਕੀਤਾ ਤੇ ਮਾਮਲੇ ਨੂੰ ਸਕੂਲ ਪ੍ਰਬੰਧਕਾਂ ਨਾਲ ਮਿਲ ਕੇ ਦਬਾਉਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀ ਦੋਵੇਂ ਰਾਤਾਂ ਹੀ ਸਕੂਲ ਬਾਹਰ ਡਟੇ ਰਹੇ। ਹੁਣ ਚੇਤਾਵਨੀ ਦੇ ਰਹੇ ਹਨ ਕਿ ਜਦੋਂ ਤਕ ਸਕੂਲ ਪ੍ਰਬੰਧਕਾਂ ਖਿਲਾਫ ਵੀ ਕਾਰਵਾਈ ਨਹੀਂ ਹੁੰਦੀ, ਉਹ ਸਕੂਲ ਦੇ ਬਾਹਰ ਧਰਨਾ ਜਾਰੀ ਰੱਖਣਗੇ।

ਦੂਜੇ ਪਾਸੇ ਡੀਸੀ ਵੱਲੋਂ ਬਣਾਈ ਕਮੇਟੀ ਵੱਲੋਂ ਜਾਂਚ ਕਰ ਰਹੀ ਐਸਡੀਐਮ ਬਾਬਾ ਬਕਾਲਾ ਮੈਡਮ ਸੁਮਿਤ ਮੁੱਦ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।