ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਭਲਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਜਾਵੇਗੀ। ਉੱਥੇ ਕੈਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ। ਐਸਆਈਟੀ ਨੇ ਅਦਾਲਤੀ ਹੁਕਮ ਮਿਲਣ ਤੋਂ ਬਾਅਦ ਸੁਨਾਰੀਆ ਜੇਲ੍ਹ ਦੇ ਅਫਸਰਾਂ ਨੂੰ ਚਿੱਠੀ ਲਿਖ ਕੇ ਆਪਣੇ ਪ੍ਰੋਗਰਾਮ ਬਾਰੇ ਦੱਸ ਦਿੱਤਾ ਹੈ।


ਐਸਆਈਟੀ ਡੇਰਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਮੁਆਫ਼ੀਨਾਮੇ ਬਾਰੇ ਪੁੱਛਗਿੱਛ ਕਰ ਸਕਦੀ ਹੈ। ਇਸੇ ਮੁਆਫ਼ੀਨਾਮੇ ਤੋਂ ਬਾਅਦ ਰਾਮ ਰਹੀਮ ਦੀ ਫ਼ਿਲਮ ਦਾ ਪੰਜਾਬ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ। ਬੇਅਦਬੀਆਂ ਦਾ ਦੌਰ ਸ਼ੁਰੂ ਹੋਣ ਮਗਰੋਂ ਅਕਤੂਬਰ 2014 ਵਿੱਚ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਵਾਪਰੇ ਸਨ।

ਬੇਅਦਬੀਆਂ ਵਿੱਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਖੁਲਾਸਾ ਹੋ ਚੁੱਕਿਆ ਹੈ। ਗੋਲ਼ੀਕਾਂਡਾਂ ਵਿੱਚ ਪੁਲਿਸ ਦੀ ਕਹਾਣੀ ਨੂੰ ਐਸਆਈਟੀ ਗ਼ਲਤ ਦੱਸਦੀ ਹੈ। ਅਜਿਹੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਬਾਦਲਾਂ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ।