ਸ਼ੰਭੂ ਬਾਰਡਰ ਤੋਂ ਗੁਰਪ੍ਰੀਤ ਧੀਮਾਨ ਦੀ ਰਿਪੋਰਟ
Punjab News: ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਸਰਹੱਦ ਉੱਤੇ ਕੀਤੇ ਜਾ ਸੰਘਰਸ਼ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਹੁਣ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸੱਦਾ ਗਿਆ ਹੈ।
ਇਸ ਬਾਬਤ ਚਿੱਠੀ ਜਾਰੀ ਕਰਕੇ ਲਿਖਿਆ ਗਿਆ ਹੈ ਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਅੰਦੋਲਨ - 2 ਸ਼ੁਰੂ ਕਰਨ ਤੋਂ ਪਹਿਲਾਂ ਵੀ ਏਕਤਾ ਲਈ ਯਤਨ ਜੁਟਾਏ ਸਨ, ਭਾਵੇਂ ਕਈ ਕਾਰਨਾਂ ਕਰਕੇ ਕੀਤੇ ਯਤਨ ਸਫ਼ਲ ਨਹੀਂ ਹੋ ਸਕੇ ਪਰ ਅਸੀ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਨਾਲ ਸੰਬੰਧਿਤ 12 ਮੰਗਾਂ ਉੱਤੇ ਲੜੇ ਜਾ ਰਹੇ ਸੰਘਰਸ਼ ਦੀ ਚੜ੍ਹਦੀਕਲਾ ਲਈ ਸਮੁੱਚੀ ਏਕਤਾ ਲਈ ਯਤਨ ਜਾਰੀ ਰੱਖਦਿਆਂ ਆਪ ਨੂੰ ਦੋਬਾਰਾ ਸੱਦਾ ਦਿੰਦੇ ਹਾਂ। ਸੱਦਾ ਪ੍ਰਵਾਨ ਹੋਵੇ ਤਾਂ ਮੀਟਿੰਗਾਂ ਦਾ ਸਿਲਸਿਲਾ ਅੱਗੇ ਚਲਾ ਸਕਦੇ ਹਾਂ।
ਪੰਜਾਬ ਦੇ ਡੀਜੀਪੀ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
ਸ਼ੰਭੂ-ਖਨੌਰੀ ਸਰਹੱਦ 'ਤੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਿਹਾ ਡੈੱਡਲਾਕ ਖਤਮ ਹੋਣ ਦੇ ਆਸਾਰ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ (Gaurav Yadav) ਨੇ ਖਨੌਰੀ ਬਾਰਡਰ 'ਤੇ 20 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ(Jagjit Singh Dallewal) ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਵੀ ਸਨ।
ਕੇਂਦਰ ਨਾਲ ਮੁੜ ਬਣ ਰਿਹਾ ਗੱਲਬਾਤ ਦਾ ਮਾਹੌਲ
ਮੀਟਿੰਗ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਡੱਲੇਵਾਲ ਦੀ ਜਾਨ ਕੀਮਤੀ ਹੈ। ਅਸੀਂ ਸਾਰਿਆਂ ਨਾਲ ਤਾਲਮੇਲ ਕਰ ਰਹੇ ਹਾਂ ਤੇ ਗੱਲਬਾਤ ਨੂੰ ਅੱਗੇ ਲਿਜਾਣ ਲਈ ਮਾਹੌਲ ਤਿਆਰ ਕਰ ਰਹੇ ਹਾਂ। ਕੇਂਦਰੀ ਗ੍ਰਹਿ ਨਿਰਦੇਸ਼ਕ ਵੀ ਉਨ੍ਹਾਂ ਦੇ ਨਾਲ ਆਏ ਹਨ। ਉਹ ਕਿਸਾਨਾਂ ਦੀਆਂ ਮੰਗਾਂ ਕੇਂਦਰ ਤੱਕ ਪਹੁੰਚਾਉਣਗੇ। ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਕਿਹਾ ਹੈ। ਕੇਂਦਰੀ ਗ੍ਰਹਿ ਦੇ ਡਾਇਰੈਕਟਰ ਮਯੰਕ ਮਿਸ਼ਰਾ ਨੇ ਕਿਹਾ ਕਿ ਅਸੀਂ ਡੱਲੇਵਾਲ ਦੀਆਂ ਮੰਗਾਂ ਸੁਣਨ ਆਏ ਸੀ। ਸੁਪਰੀਮ ਕੋਰਟ ਨੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਉਸ ਨੇ ਮੁਲਾਕਾਤ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :