ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਨੌਜਵਾਨਾਂ ਵੱਲੋਂ ਨਸ਼ੇ ਦੇ ਸੇਵਨ ਦੀਆਂ ਖ਼ਬਰਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਪੰਜਾਬ 'ਚ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਨ੍ਹਾਂ ਦਾਅਵਿਆਂ ਨੂੰ ਹੋਰ ਬਲ ਮਿਲਦਾ ਹੈ ਕਿ ਸੂਬੇ 'ਚ ਨਸ਼ੇ ਦੇ ਕਾਰੋਬਾਰ ਨੂੰ ਫੈਲਾਉਣ 'ਚ ਸਿਸਟਮ ਦੇ ਲੋਕ ਕਿਸ ਤਰ੍ਹਾਂ ਮਦਦ ਕਰਦੇ ਹਨ।


ਜੀ ਹਾਂ, ਪੰਜਾਬ ਪੁਲਸ ਨੇ ਇੱਕ ਡਰੱਗ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਸੂਬੇ ਵਿੱਚ ਕਥਿਤ ਤੌਰ 'ਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਹੈ। ਉਹ ਪੰਜਾਬ ਵਿੱਚ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਲਈ ਤਸਕਰਾਂ ਦੀ ਗੁਪਤ ਮਦਦ ਕਰਦਾ ਸੀ। ਪੁਲਸ ਦਾ ਦਾਅਵਾ ਹੈ ਕਿ ਉਹ ਜੇਲ੍ਹ ਵਿੱਚ ਬੰਦ ਕਈ ਤਸਕਰਾਂ ਦੇ ਸੰਪਰਕ ਵਿੱਚ ਸੀ। ਉਸ ਕੋਲੋਂ ਇੰਨੀ ਜ਼ਿਆਦਾ ਨਕਦੀ ਬਰਾਮਦ ਹੋਈ ਕਿ ਜਾਂਚ ਟੀਮ ਵੀ ਨੋਟ ਗਿਣਦਿਆਂ ਥੱਕ ਗਈ।


ਉਸ ਨੂੰ ਪੰਜਾਬ ਪੁਲਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਜਾਂਚ ਤੋਂ ਬਾਅਦ ਪੰਜਾਬ ਪੁਲਸ ਨੇ ਇਸ ਡਰੱਗ ਇੰਸਪੈਕਟਰ ਕੋਲੋਂ 1.49 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਡਰੱਗ ਇੰਸਪੈਕਟਰ ਨੂੰ ਐਸਏਐਸ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।






ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਕਿਹਾ ਕਿ ਦੋਸ਼ੀ ਗੈਰ-ਕਾਨੂੰਨੀ ਦਵਾਈਆਂ ਅਤੇ ਮੈਡੀਕਲ ਸਟੋਰਾਂ ਨਾਲ ਜੁੜੇ ਨਸ਼ਾ ਤਸਕਰਾਂ ਨੂੰ ਉਨ੍ਹਾਂ ਦੇ ਕੰਮ ਵਿੱਚ ਮਦਦ ਕਰਦਾ ਸੀ। ਇੰਨਾ ਹੀ ਨਹੀਂ ਉਹ ਮਨੀ ਲਾਂਡਰਿੰਗ ਵੀ ਕਰ ਰਿਹਾ ਸੀ। ਮੁਲਜ਼ਮ ਜੇਲ੍ਹ ਅੰਦਰ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਬਾਹਰੋਂ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ।



ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਜਾਂਚ ਦੌਰਾਨ ਗੰਭੀਰ ਵਿੱਤੀ ਬੇਨਿਯਮੀਆਂ ਪਾਈਆਂ। ਜਿਸ ਤੋਂ ਬਾਅਦ ਉਨ੍ਹਾਂ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ 'ਚ 7.09 ਕਰੋੜ ਰੁਪਏ ਦੇ ਗੈਰ-ਕਾਨੂੰਨੀ ਲੈਣ-ਦੇਣ ਨਾਲ ਜੁੜੇ ਸਨ। ਇਹ ਰਕਮ ਫਰੀਜ਼ ਕਰ ਦਿੱਤੀ ਗਈ। ਦੋ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ। ਪੁਲਸ ਨੇ 1.49 ਕਰੋੜ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਜ਼ੀਰਕਪੁਰ ਅਤੇ ਡੱਬਵਾਲੀ ਵਿੱਚ 2.40 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਹਾਸਲ ਕੀਤੀ ਵੱਡੀ ਜਾਇਦਾਦ ਦੀ ਪਛਾਣ ਕੀਤੀ ਗਈ।