Social Media Influencer Received Threats: ਅਸ਼ਲੀਲ ਰੀਲਾਂ ਬਣਾਉਣ ਵਾਲੀ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਪੰਜਾਬੀ ਸੋਸ਼ਲ ਮੀਡੀਆ ਇੰਨਫਲਿਊਂਸਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਨੇਕਾਂ ਵਲੌਗਰ ਲਾਈਵ ਹੋ ਕੇ ਮਾਫੀ ਮੰਗ ਰਹੇ ਹਨ। ਉਹ ਡਬਲ ਮੀਨਿੰਗ ਤੇ ਅਸ਼ਲੀਲ ਕੰਟੈਂਟ ਬਣਾਉਣ ਤੋਂ ਤੌਬਾ ਕਰ ਰਹੇ ਹਨ। ਇਸ ਦੇ ਨਾਲ ਹੀ ਕਈਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਯੂਟਿਊਬਰ ਪ੍ਰੀਤ ਜੱਟੀ (ਸਿਮਰਨਜੀਤ ਕੌਰ) ਨੇ ਦਾਅਵਾ ਕੀਤਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਤੇ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ।
ਪਿੰਡ ਬਾਣੀਆ ਨਾਲ ਸਬੰਧਤ ਸਿਮਰਨਜੀਤ ਦਾ ਪ੍ਰੀਤ ਜੱਟੀ ਦੇ ਨਾਮ 'ਤੇ ਇੱਕ ਸੋਸ਼ਲ ਮੀਡੀਆ ਅਕਾਊਂਟ ਹੈ ਜਿਸ ਉਪਰ ਉਹ ਪੋਸਟਾਂ ਪਾਉਂਦੀ ਰਹਿੰਦੀ ਹੈ। ਸ਼ਨੀਵਾਰ ਨੂੰ ਸਿਮਰਨਜੀਤ ਐਸਐਸਪੀ ਦਫ਼ਤਰ ਪਹੁੰਚੀ। ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹਾਲਾਂਕਿ, ਉਸ ਨੇ ਅਜੇ ਤੱਕ ਅਜਿਹਾ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਬਣਾਇਆ ਤੇ ਪੋਸਟ ਨਹੀਂ ਕੀਤਾ।
ਲੜਕੀ ਦੇ ਲਿਖਤੀ ਬਿਆਨ ਦੇ ਆਧਾਰ 'ਤੇ ਐਸਪੀ (ਆਈ) ਅਜੈਰਾਜ ਸਿੰਘ ਨੇ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁਲ ਸੋਨੀ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਡੀਐਸਪੀ ਨੇ ਕਿਹਾ ਕਿ ਪੀੜਤਾ ਦੀ ਸੁਰੱਖਿਆ ਲਈ ਸਟੇਸ਼ਨ ਇੰਚਾਰਜ ਨੂੰ ਆਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇੰਨਫਲਿਊਂਸਰਾਂ ਦੀਪਿਕਾ ਲੂਥਰਾ ਨੂੰ ਵੀ ਈਮੇਲ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਅੰਮ੍ਰਿਤਸਰ ਪੁਲਿਸ ਸਾਈਬਰ ਸੈੱਲ ਵੱਲੋਂ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਦੀਪਿਕਾ ਦੀ ਸੁਰੱਖਿਆ ਲਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਜਿਨ੍ਹਾਂ ਈਮੇਲਾਂ ਤੇ ਮੋਬਾਈਲ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਮਲ ਕੌਰ ਦੇ ਕਤਲ ਤੋਂ ਬਾਅਦ ਮਹਿਰੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ ਨਿਕਲ ਗਿਆ ਹੈ।