ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡ 'ਤੇ ਬਣੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਪੈਦਾ ਹੋਇਆ ਹੰਗਾਮਾ ਹੁਣ ਸੋਸ਼ਲ ਮੀਡੀਆ ਤਕ ਪਹੁੰਚ ਗਿਆ ਹੈ। ਕਮਿਸ਼ਨ ਦੀ ਰਿਪੋਰਟ ਵਿੱਚ ਬਾਦਲਾਂ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਪੋ ਆਪਣੀ ਮੁਹਿੰਮ ਚਲਾ ਰਹੇ ਹਨ।




ਕਾਂਗਰਸ ਤੇ ‘ਆਪ’ ਵਰਕਰਾਂ ਵੱਲੋਂ ਫੇਸਬੁੱਕ ’ਤੇ ‘ਸਿੱਖ ਹੋਣ ਦੇ ਨਾਤੇ ਬਾਦਲਾਂ ਦਾ ਬਾਈਕਾਟ’ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਵਰਕਰ ‘ਮੈਂ ਬਾਦਲ ਨਾਲ ਹਾਂ’ ਮੁਹਿੰਮ ਚਲਾ ਰਹੇ ਹਨ। 'ਆਪ' ਪੰਜਾਬ ਦੇ ਫੇਸਬੁੱਕ ਪੇਜ 'ਤੇ ਕਾਰਟੂਨਾਂ ਦੀ ਸ਼ਕਲ ਵਿੱਚ ਪੱਗ ਬੰਨ੍ਹੇ ਹੋਏ ਜਨਰਲ ਡਾਇਰ ਦੀ ਇੱਕ ਵਾਰ ਫਿਰ ਆਮਦ ਵਾਲਾ ਇੱਕ ਪੋਸਟਰ ਵੀ ਪਾਇਆ ਹੋਇਆ ਹੈ, ਜਿਸ ਵਿੱਚ ਆਮ ਸਿੱਖਾਂ ਨੂੰ ਗੋਲ਼ੀਆਂ ਨਾਲ ਜ਼ਖ਼ਮੀ ਤੇ ਮ੍ਰਿਤ ਦਿਖਾਇਆ ਗਿਆ ਹੈ।



ਵਿਧਾਨ ਸਭਾ ਸੈਸ਼ਨ ਤੋਂ ਬਾਅਦ ਲਗਾਤਾਰ ‘ਆਪ’, ਲੋਕ ਇਨਸਾਫ਼ ਪਾਰਟੀ ਤੇ ਕਾਂਗਰਸ ਵਰਕਰ ਉਤਸ਼ਾਹ ਨਾਲ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰ ਰਹੇ ਹਨ। ਪੰਜਾਬ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਇਸ ਮੁੱਦੇ ’ਤੇ ਲਗਾਤਾਰ ਪੋਸਟਾਂ ਪਾ ਰਹੇ ਹਨ। ਸ਼ੁੱਕਰਵਾਰ ਸਵੇਰ ਤੋਂ ਕਾਂਗਰਸ ਤੇ ‘ਆਪ’ ਵਰਕਰ ਫੇਸਬੁੱਕ ਪੇਜ ’ਤੇ ਮੁਹਿੰਮ ਚਲਾ ਰਹੇ ਹਨ, ਜਿਸ ਵਿੱਚ ਲਿਖਿਆ ਗਿਆ ਹੈ ਕਿ ‘ਬੱਸ ਹੋਰ ਨਹੀਂ, ਬਤੌਰ ਸਿੱਖ ਮੈਂ ਬਾਦਲਾਂ ਦਾ ਬਾਈਕਾਟ ਕਰਦਾ ਹਾਂ’, ਜਿਸ ਨੂੰ ਲੋਕ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ ਤੇ ਵੱਧ ਤੋਂ ਵੱਧ ਲਾਈਕ ਤੇ ਕੁਮੈਂਟ ਆ ਰਹੇ ਹਨ। ਇਨ੍ਹਾਂ ਪੋਸਟਰਾਂ ਨੂੰ ਫੇਸਬੁੱਕ ਤੋਂ ਇਲਾਵਾ ਵ੍ਹੱਟਸਐੱਪ ’ਤੇ ਵੱਖ ਵੱਖ ਗਰੁੱਪਾਂ ’ਚ ਭੇਜ ਵਾਇਰਲ ਕੀਤਾ ਜਾ ਰਿਹਾ ਹੈ।



ਅਕਾਲੀ ਦਲ ਵੱਲੋਂ ਕਾਂਰਗਸ ਤੇ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ‘ਮੈਂ ਬਾਦਲ ਨਾਲ ਹਾਂ’ ਨਾਅਰੇ ਹੇਠ ਦੀ ਮੁਹਿੰਮ ਛੇੜੀ ਗਈ ਹੈ। ਅਕਾਲੀ ਸੋਸ਼ਲ ਮੀਡੀਆ ’ਤੇ ਇਸ ਮੁਹਿੰਮ ਦੇ ਤਹਿਤ ਪੋਸਟਾਂ ਪਾ ਰਹੇ ਹਨ। ਅਕਾਲੀ ਵਰਕਰਾਂ ਨੂੰ ਆਈਟੀ ਵਿੰਗ ਦੇ ਆਗੂਆਂ ਦੇ ਹੁਕਮ ਹਨ ਕਿ ਹਰ ਵਰਕਰ ਫੇਸਬੁੱਕ ’ਤੇ ਇਹ ਪੋਸਟ ਪਾਏ ਤੇ ਆਪਣੀ ਪ੍ਰੋਫਾਈਲ ਫ਼ੋਟੋ ਵੀ ਲਾ ਰਹੇ ਹਨ।

ਨੋਟ: ਸਾਰੇ ਪੋਸਟਰ ਸੋਸ਼ਲ ਮੀਡੀਆ ਤੋਂ ਲਏ ਗਏ ਹਨ।