ਬਠਿੰਡਾ: ਪੰਜਾਬ ਦੀ ਆਰਥਿਕ ਹਾਲਤ ਇੱਥੋਂ ਤੱਕ ਨਿੱਘਰ ਗਈ ਹੈ ਕਿ ਕਈ ਵਾਰ ਇਨਸਾਨ ਦੀ ਮੌਤ ਮਗਰੋਂ ਉਸ ਨੂੰ ਕਫਨ ਤੱਕ ਨਸੀਬ ਨਹੀਂ ਹੁੰਦਾ। ਅਜਿਹਾ ਹੀ ਮਾਮਲਾ ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਮੋੜ ਕਲਾਂ ਵਿੱਚ ਸਾਹਮਣੇ ਆਇਆ ਹੈ। ਇੱਥੇ ਗਰੀਬ ਤੇ ਨਾਬਾਲਗ ਪੁੱਤਰ ਕੋਲ ਪਿਤਾ ਦੇ ਸਸਕਾਰ ਲਈ ਪੈਸੇ ਨਹੀਂ ਸਨ। ਉਸ ਨੇ ਮ੍ਰਿਤਕ ਪਿਤਾ ਦੀ ਲਾਸ਼ ਨੂੰ ਆਪਣੇ ਹੀ ਘਰ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ। ਆਖਰਕਾਰ ਪਿੰਡ ਵਾਸੀਆਂ ਨੂੰ ਬਦਬੂ ਆਉਣ ਤੋਂ ਬਾਅਦ ਅੱਜ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ। ਹਾਸਲ ਜਾਣਕਾਰੀ ਮੁਤਾਬਕ ਹੋਮਗਾਰਡ ਵਿੱਚੋਂ ਸੇਵਾ ਮੁਕਤ ਪਿੰਡ ਮੋੜ ਕਲਾਂ ਦਾ ਸੁਰਜੀਤ ਸਿੰਘ ਆਪਣੇ ਪੁੱਤਰ ਮੋਹਨ ਨਾਲ ਰਹਿੰਦਾ ਸੀ। ਘਰ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀ। ਸੁਰਜੀਤ ਸਿੰਘ ਦੀ ਬਿਮਾਰੀ 'ਤੇ ਮੋਹਨ ਦੀ ਕਮਾਈ ਵੀ ਲੱਗ ਜਾਂਦੀ ਸੀ। ਭਾਵੇਂ ਮੋਹਨ ਨੇ ਆਪਣੇ ਰਿਸਤੇਦਾਰਾਂ ਤੋਂ ਵੀ ਮਦਦ ਮੰਗੀ ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ। ਆਖਰ ਬਿਮਾਰ ਸੁਰਜੀਤ ਸਿੰਘ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ। ਘਰ ਵਿੱਚ ਸਸਕਾਰ ਲਈ ਪੈਸੇ ਨਾ ਹੋਣ ਕਰਕੇ ਮੋਹਨ ਨੇ ਆਪਣੇ ਪਿਤਾ ਦੀ ਲਾਸ਼ ਨੂੰ ਆਪਣੇ ਕੱਚੇ ਮਕਾਨ ਅੰਦਰ ਹੀ ਟੋਆ ਪੁੱਟ ਕੇ ਦੱਬ ਦਿੱਤਾ। ਅੱਜ ਸਵੇਰੇ ਜਦੋਂ ਆਸਪਾਸ ਦੇ ਲੋਕਾਂ ਨੂੰ ਲਾਸ਼ ਦੀ ਬਦਬੋ ਆਈ ਤਾਂ ਮਾਮਲਾ ਸਾਹਮਣੇ ਆ ਗਿਆ। ਦਰਅਸਲ ਗਲੀਆਂ ਦੇ ਕੱਤਿਆ ਨੇ ਲਾਸ਼ ਵਾਲੀ ਜਗ੍ਹਾ ਨੂੰ ਪੁੱਟ ਲਿਆ ਸੀ। ਇਸ ਕਰਕੇ ਬਦਬੂ ਆ ਰਹੀ ਸੀ। ਮ੍ਰਿਤਕ ਦੇ ਪੁੱਤਰ ਨੇ ਮੰਨਿਆ ਕਿ ਉਸ ਕੋਲ ਪਿਤਾ ਦੇ ਸਸਕਾਰ ਲਈ ਪੈਸੇ ਨਾ ਹੋਣ ਦੀ ਸੂਰਤ ਵਿੱਚ ਘਰ ਵਿੱਚ ਹੀ ਟੋਆ ਪੁੱਟ ਕੇ ਆਪਣੇ ਪਿਤਾ ਦੀ ਲਾਸ਼ ਦੱਬ ਦਿੱਤੀ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਬਿਮਾਰੀ ਮੌਕੇ ਵੀ ਉਸ ਦੀ ਕਿਸੇ ਨੇ ਮਦਦ ਨਹੀਂ ਕੀਤੀ। ਉੱਧਰ ਦੂਜੇ ਪਾਸੇ ਪਿੰਡ ਵਾਸੀ ਵੀ ਪਰਿਵਾਰ ਦੇ ਗਰੀਬ ਹੋਣ ਦੀ ਗੱਲ ਮੰਨਦੇ ਹੋਏ ਬੱਚੇ ਵੱਲੋਂ ਨਾ ਸਮਝ ਵਿੱਚ ਅਜਿਹਾ ਕੰਮ ਕਰਨ ਦੀ ਗੱਲ ਕਰ ਰਹੇ ਹਨ। ਜਦੋਂਕਿ ਮੋੜ ਮੰਡੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰਕੇ 174 ਦੀ ਕਰਵਾਈ ਕੀਤੀ ਜਾ ਰਹੀ ਹੈ।