ਤਰਨ ਤਾਰਨ: ਥਾਣਾ ਸਦਰ ਪੱਟੀ ਦੀ ਪੁਲਿਸ ਨੇ ਅੱਜ ਪਿੰਡ ਦੁੱਬਲੀ ਵਿੱਚ ਬੀਤੇ ਦਿਨੀ ਫੌਜੀ ਦੇ ਕਤਲ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪਿੰਡ ਦੁੱਬਲੀ ਵਿੱਚ ਫੌਜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਕਤਲ ਤੋਂ ਬਾਅਦ ਫੌਜੀ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਪੱਟੀ ਦੇ ਮੁਖੀ ਸ਼ਿਵ ਦਰਸ਼ਨ ਸਿੰਘ ਨੇ ਕਿ 22 ਮਾਰਚ ਨੂੰ ਦੁੱਬਲੀ ਵਿੱਚ ਫੌਜੀ ਲਖਬੀਰ ਸਿੰਘ ਦੀ ਲਾਸ਼ ਮਿਲੀ ਸੀ। ਜਾਂਚ ਵਿੱਚ ਪਤਾ ਲੱਗਾ ਹੈ ਕਿ ਫੌਜੀ ਦੇ ਦੋਵਾਂ ਲੜਕਿਆਂ ਜਗਜੀਤ ਸਿੰਘ ਉਰਫ ਜੋਜੀ ਤੇ ਜਗਰੂਪ ਸਿੰਘ ਉਰਫ ਜੱਗਾ ਨੇ ਹੀ ਉਨ੍ਹਾਂ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜਗਜੀਤ ਸਿੰਘ ਉਰਫ ਜੋਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਸਰਾ ਲੜਕਾ ਜਗਰੂਪ ਸਿੰਘ ਉਰਫ ਜੱਗਾ ਹਾਲੇ ਫਰਾਰ ਹੈ।

ਥਾਣਾ ਮੁਖੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਜੋਜੀ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੇ ਪਿਤਾ ਫੌਜੀ ਲਖਬੀਰ ਸਿੰਘ ਉਨ੍ਹਾਂ ਨੂੰ ਅਕਸਰ ਕੰਮ ਕਾਜ ਕਰਨ ਲਈ ਕਹਿੰਦੇ ਰਹਿੰਦੇ ਸੀ। ਇਸ ਗੱਲੋਂ ਰੋਜ਼ਾਨਾ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸ ਤੋਂ ਤੰਗ ਆ ਕੇ ਉਨ੍ਹਾਂ ਦੋਵਾਂ ਭਰਾਵਾਂ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਤੇ ਲਾਸ਼ ਖੁਰਦ ਬੁਰਦ ਕਰਕੇ ਸੂਆ ਪੁਲ ਤੋਂ ਹੇਠਾਂ ਸੁੱਟ ਦਿੱਤੀ।

ਪੁਲਿਸ ਨੂੰ ਜਾਂਚ ਕਰਨ ਉਪਰੰਤ ਮਾਮਲਾ ਸ਼ੱਕੀ ਜਾਪ ਰਿਹਾ ਸੀ। ਸਖਤੀ ਨਾਲ ਪੁੱਛ ਗਿੱਛ ਕਰਨ ਉਪਰੰਤ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਿਸ ਨੇ ਹੁਣ ਉਨ੍ਹਾਂ ਖਿਲਾਫ 302 ਕਤਲ ਦੇ ਮਾਮਲੇ ਵਿੱਚ ਜ਼ੁਰਮ ਵਾਧਾ ਕਰਦਿਆਂ 182/203 ਤੇ 34 ਆਈਪੀਸੀ ਤਹਿਤ ਧਾਰਾ ਵਧਾ ਦਿੱਤੀ ਹੈ। ਪੁਲਿਸ ਨੇ ਫਰਾਰ ਦੂਜੇ ਮੁੰਡੇ ਨੂੰ ਵੀ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ।