ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ 'ਤੇ ਵੱਡਾ ਹਮਲਾ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਬੇਹੱਦ ਉਤਾਵਲੇ ਹਨ। ਉਨ੍ਹਾਂ ਮਾਨ ਨੂੰ ਸਵਾਲ ਕੀਤਾ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਆਪਣੇ ਸੁਆਰਥ ਲਈ 'ਆਪ' ਦੀ ਪੰਜਾਬ ਇਕਾਈ ਨੂੰ ਭੰਗ ਕਰਨ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੱਬਾਂ-ਭਾਰ ਕਿਉਂ ਹੋਇਆ ਬੈਠਾ ਹੈ?
ਪ੍ਰੈੱਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ 'ਆਪ' ਵੱਲੋਂ ਕਾਂਗਰਸ ਪਾਰਟੀ ਨਾਲ ਕੀਤੀ ਜਾ ਰਹੀ ਸੌਦੇਬਾਜ਼ੀ ਸਿਰੇ ਨਾ ਚੜ੍ਹਣ ਕਰਕੇ ਭਗਵੰਤ ਮਾਨ ਦੀ ਬੌਖਲਾਹਟ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸੰਗਰੂਰ ਸੀਟ ਉੱਤੇ ਆਪਣੀ ਹਾਰ ਹੁੰਦੀ ਵੇਖ ਕੇ ਮਾਨ ਇੰਨਾ ਘਬਰਾ ਗਿਆ ਹੈ ਕਿ ਉਹ 'ਆਪ' ਨੂੰ ਭੰਗ ਕਰਨ ਦੀਆਂ ਵਿਉਂਤਾਂ ਗੁੰਦਣ ਲੱਗ ਪਿਆ ਹੈ।
ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਸਮੇਤ ਦੂਜੀਆਂ ਪਾਰਟੀਆਂ ਵੀ ਇਹੋ ਜਿਹੇ ਬਿਆਨ ਦੇਣੇ ਸ਼ੁਰੂ ਕਰ ਦੇਣਗੀਆਂ, ਕਿਉਂਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਖੜ੍ਹਾ ਕੀਤਾ ਜਾ ਰਿਹਾ ਹੈ।
ਹਰਸਿਮਰਤ ਨੇ ਕਿਹਾ ਕਿ ਭਗਵੰਤ ਮਾਨ ਇਹ ਕਹਿਣ ਤਕ ਚਲਾ ਗਿਆ ਹੈ ਕਿ 'ਆਪ' ਆਗੂ ਵੱਖ-ਵੱਖ ਖੇਤਰਾਂ ਵਿਚੋਂ ਆਏ ਹਨ, ਇਸ ਲਈ ਜੇਕਰ 'ਆਪ' ਦਾ ਕਾਂਗਰਸ ਪਾਰਟੀ ਨਾਲ ਰਲੇਵਾਂ ਹੋ ਗਿਆ ਤਾਂ ਉਹ ਵਾਪਸ ਪੁਰਾਣੇ ਕਿੱਤਿਆਂ ਵਿੱਚ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਕਰ ਦਿੱਤਾ ਹੈ ਕਿ 'ਆਪ' ਹੁਣ ਕਾਂਗਰਸ ਪਾਰਟੀ ਦਾ ਇੱਕ ਹਿੱਸਾ ਹੈ।
ਬਠਿੰਡਾ ਸਾਂਸਦ ਨੇ ਕਿਹਾ ਕਿ ਮਾਨ ਸਿਰਫ ਆਪਣੇ ਬੌਸ ਦੀ ਭਾਸ਼ਾ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਕਾਂਗਰਸ ਪਾਰਟੀ ਦੇ ਹਾੜੇ ਕੱਢਦਾ ਆ ਰਿਹਾ ਹੈ ਕਿ ਉਹ 'ਆਪ' ਦਾ ਆਪਣੇ ਨਾਲ ਰਲੇਵਾਂ ਕਰ ਲਵੇ। ਹੁਣ ਆਪ ਪੰਜਾਬ ਦਾ ਮੁਖੀ ਕਹਿ ਰਿਹਾ ਹੈ ਕਿ ਆਪ ਇਹ ਸੀਟ ਜਿੱਤਣ ਲਈ ਖੁਦ ਨੂੰ ਭੰਗ ਕਰਨ ਲਈ ਵੀ ਤਿਆਰ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਵੀ ਮਹਿਸੂਸ ਕਰ ਲਿਆ ਹੈ ਕਿ 'ਆਪ' ਖ਼ਤਮ ਹੋ ਚੁੱਕੀ ਹੈ, ਇਸ ਲਈ ਉਹ ਇੱਕ ਸਮਝੌਤੇ ਤਹਿਤ ਕਾਂਗਰਸ ਪਾਰਟੀ ਤੋਂ ਸੰਗਰੂਰ ਸੀਟ ਦੀ ਭੀਖ ਮੰਗ ਰਿਹਾ ਹੈ, ਜਿਸ ਵਾਸਤੇ ਉਹ ਕਾਂਗਰਸ ਵਿੱਚ ਜਾਣ ਲਈ ਵੀ ਤਿਆਰ ਹੈ।