ਮੁਹਾਲੀ: ਸਿਵਲ ਹਸਪਤਾਲ ਖਰੜ ਅੰਦਰ ਸਥਿਤ ਡਰੱਗ ਫ਼ੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਅਣਪਛਾਤੇ ਹਮਲਾਵਰ ਨੇ ਮਹਿਲਾ ਡਰੱਗ ਇੰਸਪੈਕਟਰ ਡਾ. ਨੇਹਾ ਸ਼ੌਰੇ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਪਿੱਛੋਂ ਜਦੋਂ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਤਾਂ ਉਸ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਲਗਪਗ 11:30 ਵਜੇ ਹਮਲਾਵਰ ਲੈਬਾਰਟਰੀ ਦੀ ਪਹਿਲੀ ਮੰਜ਼ਲ 'ਤੇ ਸਥਿਤ ਡਾ. ਨੇਹਾ ਦੇ ਦਫ਼ਤਰ ਅੰਦਰ ਦਾਖਲ ਹੋਇਆ ਤੇ ਛਾਤੀ ਵਿੱਚ ਪਿਸਤੌਲ ਨਾਲ ਤਿੰਨ-ਚਾਰ ਗੋਲੀਆਂ ਮਾਰ ਦਿੱਤੀਆਂ। ਇਸ ਪਿੱਛੋਂ ਹਮਲਾਵਰ ਲੈਬ ਵਿੱਚੋਂ ਬਾਹਰ ਦੌੜ ਗਿਆ।

ਜਦੋਂ ਉਸ ਨੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੈਬ ਦੇ ਸਟਾਫ਼ ਮੈਂਬਰਾਂ ਤੇ ਹੋਰ ਲੋਕਾਂ ਨੇ ਉਸ ਨੂੰ ਘੇਰ ਲਿਆ। ਇਸ 'ਤੇ ਪਹਿਲਾਂ ਤਾਂ ਉਸ ਨੇ ਪਿਸਤੌਲ ਦਿਖ਼ਾ ਕੇ ਸਭ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਵਾਹ ਨਾ ਚੱਲਦਿਆਂ ਦੇਖ ਫਿਰ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ।



ਇਸ ਪਿੱਛੋਂ ਡਾਕਟਰ ਨੇਹਾ ਤੇ ਹਮਲਾਵਰ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਜਿੱਥੇ ਕਿ ਡਾਕਟਰਾਂ ਨੇ ਦੋਵਾਂ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।