ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਪੋਲ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਉਹ ਤੇ ਉਨ੍ਹਾਂ ਦੇ ਪਿਤਾ ਹੱਦ ਵਿੱਚ ਰਹਿ ਕੇ ਦੋਵਾਂ ਖ਼ਿਲਾਫ਼ ਬੋਲਦੇ ਸਨ ਪਰ ਹੁਣ ਪਾਰਟੀ ਪ੍ਰਧਾਨ ਖ਼ਿਲਾਫ ਖੁੱਲ੍ਹ ਕੇ ਨਿੱਤਰ ਆਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਬਿਕਰਮ ਮਜੀਠੀਆ ਦੇ ਘਰ ਹੀ ਨਸ਼ਾ ਤਸਕਰ ਸੱਤਾ ਤੇ ਪਿੰਦੀ ਉਨ੍ਹਾਂ ਨੂੰ ਮਿਲੇ ਸੀ। ਬੋਨੀ ਅਜਨਾਲਾ ਨੇ ਸਾਫ਼ ਕੀਤਾ ਕਿ ਹਾਲੇ ਉਹ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ। ਉਨ੍ਹਾਂ ਕਿਹਾ ਕਿ ਉਹ ਅਕਾਲੀ ਹਨ ਤੇ ਅਕਾਲੀ ਦਲ ਦੀ ਗੱਲ ਕਰਨਗੇ।

ਬੋਨੀ ਨੇ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਦੀ ਗਰੀਨ ਐਵੇਨਿਊ ਵਾਲੀ ਰਿਹਾਇਸ਼ 'ਤੇ ਚਿੱਟੇ ਦਾ ਕਿੰਗਪਿਨ ਸਤਬੀਰ ਸਿੰਘ ਸੱਤਾ ਅਕਸਰ ਉਨ੍ਹਾਂ ਨੂੰ ਮਿਲਦਾ ਸੀ, ਪਿੰਦੀ ਵੀ ਉੱਥੇ ਹੀ ਮਿਲਦਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਬਿੱਟੂ ਔਲਖ ਉੱਪਰ ਬਿਕਰਮ ਮਜੀਠੀਆ ਨੇ ਪਟਿਆਲਾ ਵਿੱਚ ਝੂਠਾ ਕੇਸ ਦਰਜ ਕਰਵਾਇਆ ਕਿਉਂਕਿ ਉਸ ਨੇ ਸੱਤਾ ਤੇ ਪਿੰਦੀ ਦੀ ਮੇਰੇ ਸਾਹਮਣੇ ਪੋਲ ਖੋਲ੍ਹੀ ਸੀ। ਬੋਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚਿੱਠੀ ਲਿਖੀ ਸੀ। ਇਹੋ ਚਿੱਠੀ ਉਨ੍ਹਾਂ ਸੀਬੀਆਈ ਅਦਾਲਤ ਨੂੰ ਵੀ ਸੌਂਪੀ ਸੀ। ਬੋਨੀ ਨੇ ਪ੍ਰਕਾਸ਼ ਸਿੰਘ ਬਾਦਲ ਉੱਪਰ ਵੀ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਨੇ ਚਿੱਠੀ ਕੋਲ ਰੱਖ ਲਈ ਤੇ ਜਵਾਬ ਨਹੀਂ ਦਿੱਤਾ, ਕਿਉਂਕਿ ਬਿਕਰਮ ਮਜੀਠੀਆ ਤੇ ਉਸ ਦੇ ਡਰੱਗ ਕਿੰਗਪਿਨ ਕਮਾਊ ਪੁੱਤ ਸਨ।

ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਅਕਾਲੀ ਦਲ ਮਜੀਠੀਆ ਦੇ ਪਿਓ ਦੀ ਜਗੀਰ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਨੇ ਪੰਜਾਬ ਦੀ ਜਵਾਨੀ ਦੀ ਨਸ਼ੇ ਵੇਚ ਕੇ ਖਰਾਬ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਜੀਠੀਏ ਨੇ ਚਿੱਟੇ ਦੇ ਡਰ ਤੋਂ ਲੋਕਾਂ ਨੇ ਆਪਣੇ ਬੱਚੇ ਵਿਦੇਸ਼ਾਂ 'ਚ ਪੜ੍ਹਨ ਭੇਜ ਦਿੱਤੇ। ਬੋਨੀ ਨੇ ਮਜੀਠੀਆ ਦੇ ਪਰਿਵਾਰ 'ਤੇ ਜੱਲ੍ਹਿਆਂਵਾਲਾ ਬਾਗ਼ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲੈਣ ਵਾਲੇ ਜਨਰਲ ਡਾਇਰ ਦੇ ਸਾਥੀ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਕੀਤਾ। ਬੋਨੀ ਅਜਨਾਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਅਜਨਾਲਾ, ਬ੍ਰਹਮਪੁਰਾ ਤੇ ਸੇਖਵਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਬਿਕਰਮ ਤੇ ਸੁਖਬੀਰ ਨੂੰ ਲਾਂਭੇ ਕੀਤਾ ਜਾਵੇ, ਪਰ ਉਹ ਪੁੱਤਰ ਮੋਹ 'ਚ ਫਸੇ ਅਜਿਹਾ ਨਹੀਂ ਕੀਤਾ।

ਬੋਨੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਨੇ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਤਲਬ ਕਰ ਲਿਆ ਹੈ, ਪਰ ਜਿਨ੍ਹਾਂ ਨੇ ਉਨ੍ਹਾਂ ਨੂੰ ਡੇਰਾ ਸਿਰਸਾ ਮੁਖੀ ਕੋਲ ਭੇਜਿਆ, ਉਹ ਤਲਬ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਤ ਫ਼ੈਸਲਾ ਕਰੇਗੀ ਕਿ ਮਸੰਦਾਂ ਦਾ ਸਾਥ ਦੇਣਾ ਹੈ ਕਿ ਗੁਰੂ ਦੀ ਗੱਲ ਕਰਨ ਵਾਲੇ ਆਗੂਆਂ ਨਾਲ ਖੜ੍ਹਨਾ ਹੈ।