ਚੰਡੀਗੜ੍ਹ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਸੰਮਨ ਭੇਜਣ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਪੇਸ਼ ਹੋਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਐਤਵਾਰ ਨੂੰ ਹੋਈ ਕੋਰ ਕਮੇਟੀ ਦੀ ਟੀਮ ਵਿੱਚ ਕੀਤਾ ਗਿਆ। ਵਿਸ਼ੇਸ਼ ਜਾਂਚ ਟੀਮ ਨੇ ਬਦਾਲਾਂ ਨੂੰ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਮਾਮਲੇ ਵਿੱਚ ਸੰਮਨ ਭੇਜੇ ਸੀ।

ਉਂਝ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਦੋਵੇਂ ਬਾਦਲਾਂ ਨੂੰ ਸੀਆਰਪੀਸੀ ਦੀ ਧਾਰਾ 160 ਤਹਿਤ ਸੰਮਨ ਜਾਰੀ ਕੀਤੇ ਗਏ ਹਨ। ਇਸ ਤਹਿਤ ਉਨ੍ਹਾਂ ਨੂੰ ਹਰ ਹੀਲੇ ਪੇਸ਼ ਹੋਣਾ ਹੀ ਪਵੇਗਾ। ਇਸ ਕਰਕੇ ਬਾਦਲ ਪੇਸ਼ ਹੋਣ ਲਈ ਰਾਜ਼ੀ ਹੋ ਗਏ ਹਨ।

ਅਕਾਲੀ ਲੀਡਰ ਪਰਮਿੰਦਰ ਢੀਂਡਸਾ ਨੇ ਕਿਹਾ ਹੈ ਕਿ ਪਾਰਟੀ ਦੀ ਕੋਰ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਜਾਂਚ ਵਿੱਚ ਸ਼ਾਮਲ ਹੋਣਗੇ। ਹੈਰਾਨੀ ਦੀ ਗੱਲ਼ ਹੈ ਕਿ ਅਕਾਲੀ ਦਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਬੋਲਦਾ ਰਿਹਾ ਹੈ ਪਰ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਸਹਿਮਤ ਹੋ ਗਿਆ ਹੈ। ਹੁਣ ਪਰਮਿੰਦਰ ਢੀਂਡਸਾ ਕਹਿ ਰਹੇ ਹਨ ਕਿ ਜਾਂਚ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੱਚ ਸਾਹਮਣੇ ਆਵੇਗਾ।

ਇਸ ਬਾਰੇ ਢੀਂਡਸਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅੱਜ ਵੀ ਖਾਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਰਕਾਰ ਨੇ ਵੀ ਨਹੀਂ ਮੰਨੀ। ਇਸ ਲਈ ਸੀਬੀਆਈ ਤੋਂ ਜਾਂਚ ਵਾਪਸ ਲਈ ਹੈ।