Punjab News:   ਮੋਗਾ 'ਚ ਜਨਮੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਸੂਬੇ 'ਚ ਵੱਧ ਰਹੇ ਨਸ਼ੇ ਤੋਂ ਚਿੰਤਤ ਹਨ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਲੋਕਾਂ ਨੂੰ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਦਾ ਸਾਥ ਦੇਣ ਲਈ ਕਿਹਾ। ਸੋਨੂੰ ਸੂਦ ਦੀ ਇਸ ਵੀਡੀਓ ਕਲਿੱਪ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਟਵੀਟ ਕੀਤਾ ਹੈ।


ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਲਈ ਅਦਾਕਾਰ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ।






ਅਭਿਨੇਤਾ ਸੋਨੂੰ ਸੂਦ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਹੀ ਗੱਭਰੂ-ਜਵਾਨਾਂ ਲਈ ਜਾਣੀ ਜਾਂਦੀ ਹੈ। ਪਰ ਹੁਣ ਲੰਬੇ ਸਮੇਂ ਤੋਂ ਲੋਕ ਕਹਿੰਦੇ ਹਨ ਕਿ ਪੰਜਾਬ ਵਿੱਚ ਨਸ਼ੇ ਦੀ ਬਹੁਤਾਤ ਹੈ। ਨਵੀਂ ਪੀੜ੍ਹੀ-ਨੌਜਵਾਨ ਨਸ਼ਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਖੁਦ ਮੋਗਾ ਜਾਂ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਜਾਂਦੇ ਹਨ ਤਾਂ ਨੌਜਵਾਨ ਕਾਫੀ ਹੱਦ ਤੱਕ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਅਪਰਾਧ ਵਧਦੇ ਹਨ, ਕਿਉਂਕਿ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਖਰੀਦਣ ਲਈ ਪੈਸੇ ਦੀ ਲੋੜ ਹੁੰਦੀ ਹੈ।


ਪੰਜਾਬ ਸਰਕਾਰ ਦੀ ਮੁਹਿੰਮ ਨਾਲ ਜੁੜਨ ਦੀ ਅਪੀਲ


ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮੁਹਿੰਮ ਵੀ ਚਲਾਈ ਸੀ। ਇਸ ਤਹਿਤ 280 ਦੇ ਕਰੀਬ ਬੱਚਿਆਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਮੁਕਤ ਕਰਾਉਣ ਦਾ ਉਪਰਾਲਾ ਕੀਤਾ ਗਿਆ। ਪਰ ਬਹੁਤ ਸਾਰੇ ਲੋਕਾਂ ਤੱਕ ਇਸ ਦੀ ਪਹੁੰਚ ਨਹੀਂ ਹੋਈ ਸੀ।ਇਸ ਮੌਕੇ ਸੋਨੂੰ ਸੂਦ ਨੇ ਲੋਕਾਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਾ ਮੁਕਤੀ ਮਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।


ਸੋਨੂੰ ਸੂਦ ਨੇ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਤੋਂ ਪ੍ਰਭਾਵਿਤ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇ, ਅਸੀਂ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਇਹ ਸਭ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਇਕੱਠੇ ਹੋ ਕੇ ਨਸ਼ਾ ਮੁਕਤੀ ਦੀ ਮੁਹਿੰਮ ਦਾ ਸਮਰਥਨ ਕਰੀਏ।