Patiala News: ਨਸ਼ਿਆਂ ਦੇ ਦਰਿਆ ਨੂੰ ਬੰਨ੍ਹ ਲਾਉਣ ਲਈ ਹੁਣ ਪੰਜਾਬ ਦੇ ਆਮ ਲੋਕਾਂ ਨੇ ਕਮਾਨ ਸੰਭਾਲ ਲਈ ਹੈ। ਪਿੰਡਾਂ ਨੇ ਨੌਜਵਾਨਾਂ ਨੇ ਕਲੱਬ ਤੇ ਕਮੇਟੀਆਂ ਬਣਾ ਕੇ ਚਿੱਟੇ ਦੇ ਵਪਾਰੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਿੰਡਾਂ ਦੀਆਂ ਪੰਚਾਇਤਾਂ ਤੇ ਪੁਲਿਸ ਦੇ ਸਹਿਯੋਗ ਨਾਲ ਨੌਜਵਾਨ ਐਕਸ਼ਨ ਮੋਡ ਵਿੱਚ ਹਨ। ਇਹ ਨੌਜਵਾਨ ਨਾ ਸਿਰਫ ਨਸ਼ਿਆਂ ਖਿਲਾਫ ਹੋਕਾ ਦੇ ਰਹੇ ਹਨ, ਸਗੋਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਰਹੇ ਹਨ। ਨਸ਼ਾ ਤਸਕਰਾਂ ਵਿੱਚ ਕਲੱਬ ਤੇ ਕਮੇਟੀਆਂ ਦਾ ਖੌਫ ਵਧਣ ਲੱਗਾ ਹੈ।
ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਨੇੜਲੇ ਪਿੰਡ ਸ਼ੇਰ ਮਾਜਰੇ ਦੇ ਚਿੱਟਾ ਵੇਚਣ ਵਾਲੇ ਛੇ ਵਿਅਕਤੀਆਂ ਨੂੰ ਨੌਜਵਾਨਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ। ਚਿੱਟਾ ਵੇਚਣ ਵਾਲਿਆਂ ਨੂੰ ਰੋਕਣ ਲਈ ਪਿੰਡਾਂ ਦੇ ਨੌਜਵਾਨਾਂ ਨੇ ਕਲੱਬ ਤੇ ਕਮੇਟੀਆਂ ਬਣਾ ਦੇ ਹੁਣ ਠੀਕਰੀ ਪਹਿਰੇ ਲਾਉਣੇ ਸ਼ੁਰੂ ਕੀਤੇ ਹਨ ਤਾਂ ਕਿ ਜਵਾਨੀ ਨੂੰ ਚਿੱਟੇ ਤੋਂ ਬਚਾਇਆ ਜਾ ਸਕੇ।
ਸ਼ੇਰਮਾਜਰਾ ਪਿੰਡ ਦੇ ਗਗਨਦੀਪ ਸਿੰਘ, ਫਤਿਹਜੀਤ ਸਿੰਘ, ਕੁਲਦੀਪ ਸਿੰਘ, ਅਸ਼ਵਿੰਦਰ ਸਿੰਘ, ਜਗਜੀਤ ਸਿੰਘ ਆਦਿ ਨੇ ਕਿਹਾ,‘ਪਿੰਡ ਦੁੱਧੜ, ਸ਼ੇਰਮਾਜਰਾ, ਲਗੜੋਈ ਆਦਿ ਇਲਾਕੇ ਵਿੱਚ ਵਿਸ਼ੇਸ਼ ਬਰਾਦਰੀ ਦੀਆਂ ਔਰਤਾਂ ਨੇ ਮੁੰਡਿਆਂ ਨੂੰ ਚਿੱਟਾ ਖਾਣ ਲਗਾ ਦਿੱਤਾ ਹੈ। ਸਾਡੇ ਪਿੰਡ ਚਿੱਟਾ ਲੈਣ ਵਾਲਿਆਂ ਦਾ ਮੇਲਾ ਲੱਗਣ ਲੱਗ ਪਿਆ ਸੀ। ਉਸ ਤੋਂ ਬਾਅਦ ਅਸੀਂ ਤੇ ਇਲਾਕੇ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ, ਸਾਡੇ ਪਿੰਡ ਤੋਂ ਹੀ ਅਸੀਂ 6 ਜਣੇ ਚਿੱਟਾ ਵੇਚਦੇ ਕਾਬੂ ਕਰਕੇ ਪੁਲਿਸ ਹਵਾਲੇ ਕੀਤੇ। ਲਗੜੋਈ ਪਿੰਡ ਵਿਚ ਵੀ ਚਿੱਟਾ ਵੇਚਦੀਆਂ ਔਰਤਾਂ ਕਾਬੂ ਕੀਤੀਆਂ ਗਈਆਂ।
ਸਰਪੰਚ ਸੁਖਵਿੰਦਰ ਸਿੰਘ ਨੇ ਇਨ੍ਹਾਂ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਕਰਕੇ ਸਾਡੇ ਪਿੰਡਾਂ ਵਿੱਚ ਚਿੱਟਾ ਘਟਿਆ ਹੈ। ਇਸ ਸਬੰਧੀ ਚੇਅਰਮੈਨ ਮਦਨਜੀਤ ਸਿੰਘ ਡਕਾਲਾ ਨੇ ਕਿਹਾ,‘ਅਸੀਂ ਇਨ੍ਹਾਂ ਨੌਜਵਾਨਾਂ ਦੀ ਹਮਾਇਤ ਕਰਦੇ ਹਾਂ ਤੇ ਇਨ੍ਹਾਂ ਨੂੰ ਪੂਰਾ ਸਹਿਯੋਗ ਦਿਆਂਗੇ। ਡਕਾਲਾ ਪੁਲਿਸ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ, ਅਸੀਂ ਇਨ੍ਹਾਂ ਪਿੰਡਾਂ ਵਿੱਚ ਮੁਸਤੈਦੀ ਵਧਾਈ ਹੈ। ਇਲਾਕੇ ਦੇ ਯੂਥ ਨੂੰ ਸਾਡਾ ਪੂਰਾ ਸਹਿਯੋਗ ਹੈ, ਕੁਝ ਦਿਨਾਂ ਵਿੱਚ ਹੀ ਅਸੀਂ 6 ਕੇਸ ਦਰਜ ਕੀਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।