Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਨੇ ਚੱਬੇਵਾਲ ਵਿੱਚ ਵਿਧਾਨ ਸਭਾ ਜ਼ਿਮਨੀ ਚੋਣ ਦੀ ਪਹਿਲੀ ਵਲੰਟੀਅਰ ਮੀਟਿੰਗ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਔਰਤਾਂ ਨੂੰ 1100 ਰੁਪਏ ਦੀ ਚੋਣ ਗਾਰੰਟੀ ਦੇਣ ਦਾ ਵੀ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਇਹ ਉਨ੍ਹਾਂ ਦਾ ਅਗਲਾ ਟੀਚਾ ਹੈ, ਜਿਸ ਲਈ ਉਹ ਕੰਮ ਕਰ ਰਹੇ ਹਨ।
ਜਦੋਂ ਮੁੱਖ ਮੰਤਰੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਪੰਡਾਲ ਵਿੱਚ ਕੁਝ ਔਰਤਾਂ ਖੜ੍ਹੀਆਂ ਸਨ ਜਦਕਿ ਨੌਜਵਾਨ ਬੈਠੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕੁਰਸੀਆਂ ਛੱਡਣ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਔਰਤਾਂ ਨੂੰ ਛੇਤੀ ਹੀ 1100 ਰੁਪਏ ਮਿਲਣੇ ਸ਼ੁਰੂ ਹੋਣ ਜਾ ਰਹੇ ਹਨ। ਬਾਅਦ ਵਿੱਚ ਅਸੀਂ ਉਨ੍ਹਾਂ ਤੋਂ ਹੀ ਮੰਗਣੇ ਹਨ। ਇਹ ਮੇਰਾ ਅਗਲਾ ਟੀਚਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਜ਼ੀਰੋ ਬਿਜਲੀ ਬਿੱਲ ਸਕੀਮ ਲਾਗੂ ਕੀਤੀ ਗਈ ਹੈ, ਉਸੇ ਤਰ੍ਹਾਂ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਮਿਲਣੇ ਚਾਹੀਦੇ ਹਨ। ਉਹ ਇਸ ਦੀ ਤਿਆਰੀ 'ਚ ਰੁੱਝੇ ਹੋਏ ਹਨ। ਜਿਵੇਂ ਹੀ ਬਜਟ ਦਾ ਪ੍ਰਬੰਧ ਹੋ ਜਾਂਦਾ ਹੈ। ਉਹ ਇਸ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਈਸ਼ਾਨ ਚੱਬੇਵਾਲ ਨੂੰ ਜਿਤਾ ਦਿਓ, ਬਾਕੀ ਸਾਰੀ ਜ਼ਿੰਮੇਵਾਰੀ ਮੇਰੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਡੇਰਾ ਬਾਬਾ ਨਾਨਕ ਵੀ ਜਾਣਗੇ।
ਇਸ ਤੋਂ ਪਹਿਲਾਂ ਪੰਜਾਬ 'ਚ ਜਲੰਧਰ ਸੀਟ 'ਤੇ ਉਪ ਚੋਣ ਹੋਈ ਸੀ ਕਿਉਂਕਿ ਜਲੰਧਰ ਪੱਛਮੀ ਦਾ ਵਿਧਾਇਕ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸੀ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਇਸ ਦੌਰਾਨ ਹੋਈ ਜ਼ਿਮਨੀ ਚੋਣ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤੀ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਮੋਰਚਾ ਸੰਭਾਲਿਆ ਸੀ। ਹੁਣ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਚੋਣਾਂ ਹੋਣੀਆਂ ਹਨ। ਕਿਉਂਕਿ ਇੱਥੋਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਸੀਟਾਂ ਖਾਲੀ ਹੋ ਗਈਆਂ।