ਚੰਡੀਗੜ੍ਹ : ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਸਾਬਕਾ ਐਸਪੀ ਸਲਵਿੰਦਰ ਸਿੰਘ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ। ਪਠਾਨਕੋਟ ਏਅਰਬੇਸ ’ਤੇ ਜਨਵਰੀ ’ਚ ਹੋਏ ਦਹਿਸ਼ਤੀ ਹਮਲੇ ਦੌਰਾਨ ਚਰਚਾ ’ਚ ਰਹੇ ਸਲਵਿੰਦਰ ਸਿੰਘ ’ਤੇ ਮਹਿਲਾ ਨੂੰ ਤੰਗ ਪਰੇਸ਼ਾਨ ਕਰਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ।
ਜਸਟਿਸ ਐਮ ਐਮ ਐਸ ਬੇਦੀ ਮੂਹਰੇ ਸਲਵਿੰਦਰ ਦੀ ਅਰਜ਼ੀ ਦਾ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਆਦਿੱਤਿਆ ਸਾਂਘੀ ਨੇ ਵਿਰੋਧ ਕੀਤਾ। ਜਬਰ-ਜਨਾਹ ਕੇਸ ਦੇ ਇਕ ਮੁਲਜ਼ਮ ਨੇ ਸਲਵਿੰਦਰ ਖ਼ਿਲਾਫ਼ ਕੇਸ ਦਰਜ ਕਰਾਇਆ ਹੈ ਕਿ ਉਸ ਨੇ ਉਸ ਦੀ ਪਤਨੀ ਨੂੰ ਪਰੇਸ਼ਾਨ ਕੀਤਾ ਅਤੇ ਕੇਸ ਖ਼ਤਮ ਕਰਾਉਣ ਲਈ 50 ਹਜ਼ਾਰ ਰੁਪਏ ਮੰਗੇ ਸਨ।
ਵਕੀਲ ਦਾ ਕਹਿਣਾ ਸੀ ਕਿ ਸਲਵਿੰਦਰ ਪੇਸ਼ਗੀ ਜ਼ਮਾਨਤ ਮਿਲਣ ’ਤੇ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਲਵਿੰਦਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਨੂੰ ਝੂਠੇ ਕੇਸ ’ਚ ਫਸਾਇਆ ਜਾ ਰਿਹਾ ਹੈ।