ਕੋਟਕਪੂਰਾ  :- ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਕੋਟਕਪੂਰਾ ਵਾਸੀਆਂ ਨੂੰ 5.25 ਕਰੋੜ ਰੁਪਏ ਦੇ ਤਿੰਨ ਵਿਕਾਸ ਪ੍ਰੋਜੈਕਟਾਂ ਦਾ ਤੋਹਫਾ ਦਿੰਦੇ ਹੋਏ ਅੱਜ ਨੀਂਹ ਪੱਥਰ ਰੱਖਿਆ। ਸਪੀਕਰ ਸੰਧਵਾਂ ਨੇ ਦੱਸਿਆ ਕਿ ਵਿਕਾਸ ਕਾਰਜਾਂ ਲਈ ਸੱਤ ਕਰੋੜ ਰੁਪਏ ਸੈਕਸ਼ਨ ਕੀਤੇ ਗਏ ਸਨ, ਪਰ ਆਪ ਸਰਕਾਰ ਵੱਲੋਂ ਅਪਣਾਈ ਗਈ ਇਮਾਨਦਾਰੀ ਵਾਲੀ ਟੈਂਡਰ ਪ੍ਰਕ੍ਰਿਆ ਕਾਰਨ ਸੱਤ ਕਰੋੜ ਰੁਪਏ ਦੇ ਕੰਮ ਸਵਾ ਪੰਜ ਕਰੋੜ ਰੁਪਏ ਦੇ ਟੈਂਡਰਾਂ ਜ਼ਰੀਏ ਨੇਪਰੇ ਚਾੜੇ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਪੈਸਾ ਬਚਾਉਣ ਲਈ ਵੱਚਨਬੱਧ ਹੈ।


 


ਸਪੀਕਰ ਸੰਧਵਾਂ ਨੇ ਦੱਸਿਆ ਕਿ ਭਗਵੰਤ  ਮਾਨ ਮੁੱਖ ਮੰਤਰੀ ਪੰਜਾਬ ਦੀ ਸੂਬੇ ਨੂੰ ਰੰਗਲਾ ਅਤੇ ਖੁਸ਼ਹਾਲ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖ ਕੇ ਨਵੇਂ ਸਾਲ ਦਾ ਤੋਹਫਾ ਦਿੱਤਾ ਗਿਆ ਹੈ। ਜਿਸ ਨਾਲ ਜਿੱਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ, ਉੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਚਾਰ ਚੰਨ ਲੱਗਣਾ ਸੁਭਾਵਿਕ ਹੈ।


ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਪੀਕਰ ਸੰਧਵਾਂ ਨੇ ਅੱਜ ਜਲਾਲੇਆਣਾ ਰੋਡ, ਬਾਲਮੀਕ ਚੌਂਕ ਤੋਂ ਆਟਾ ਚੱਕੀ ਤੱਕ ਪੀ.ਸੀ. (ਪ੍ਰੀ ਕਾਸਟ ਕੰਕਰੀਟ) ਰੋਡ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਮਾਲ ਗੋਦਾਮ ਰੋਡ ’ਤੇ ਇੰਟਰਲਾਕਿੰਗ ਟਾਇਲਾਂ ਲਾਉਣ ਅਤੇ ਸ਼ਹਿਰ ਕੋਟਕਪੂਰਾ ਦੇ ਸਾਰੇ ਵਾਰਡਾਂ ਵਿੱਚ 25 ਵਾਟ ਐੱਲ.ਈ.ਡੀ. ਬਲਬ ਲਾਉਣ, ਸ਼ਹਿਰ ਕੋਟਕਪੂਰਾ ਦੀਆਂ ਮੇਨ ਸੜਕਾਂ ’ਤੇ ਖੰਭਿਆਂ (ਪੋਲ) ਸਮੇਤ 70 ਵਾਟ ਐੱਲ.ਈ.ਡੀ. ਬਲਬ ਲਾਉਣ ਦਾ ਵੀ ਨੀਂਹ ਪੱਥਰ ਰੱਖਿਆ।


ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸ਼ਹਿਰ ਵਾਸੀ ਬੜੇ ਲੰਮੇ ਸਮੇਂ ਤੋਂ ਉਕਤ ਕੰਮਾਂ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅਨੇਕਾਂ ਵਾਰਡਾਂ ਵਿੱਚ ਇੰਟਰਲਾਕਿੰਗ ਟਾਈਲਾਂ ਲਾਉਣ ਤੋਂ ਪਹਿਲਾਂ ਉੱਥੋਂ ਦੇ ਵਸਨੀਕਾਂ ਨੂੰ ਵਾਰ- ਵਾਰ ਜਮੀਨਦੋਜ ਪਾਈਪਾਂ ਪਾਉਣ ਦੀ ਅਪੀਲ ਕੀਤੀ ਗਈ ਅਤੇ ਅਨੇਕਾਂ ਮੌਕੇ ਦਿੱਤੇ ਗਏ ਪਰ ਹੁਣ ਇੰਟਰਲਾਕਿੰਗ ਟਾਈਲਾਂ ਲੱਗਣ ਤੋਂ ਬਾਅਦ ਕਿਸੇ ਨੂੰ ਸੜਕ ਪੁੱਟਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।


ਇਸ ਬਾਰੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸਮੇਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਜਾ ਚੁੱਕੀ ਹੈ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਉਣ ਅਤੇ ਉਸਦੀ ਸਾਂਭ ਸੰਭਾਲ ਲਈ ਬਣਦਾ ਯੋਗਦਾਨ ਪਾਉਣ। ਕੋਈ ਵੀ ਸ਼ਹਿਰ ਵਾਸੀ ਨਾਲੀ-ਨਾਲਿਆਂ ਜਾਂ ਸੀਵਰੇਜ ਵਿੱਚ ਫਾਲਤੂ ਚੀਜਾਂ ਸੁੱਟਣ ਤੋਂ ਗੁਰੇਜ ਕਰੇ ਤਾਂ ਕਿ ਪਾਣੀ ਨਿਕਾਸੀ ਜਾਂ ਸੀਵਰੇਜ ਪ੍ਰਬੰਧਾਂ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਨੇਪਰੇ ਚੜਾਉਣ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਇਸ ਮੌਕੇ ਸਪੀਕਰ ਸੰਧਵਾਂ ਨੇ ਦੱਸਿਆ ਕਿ ਹੁਣ ਇਲਾਕਾ ਨਿਵਾਸੀਆਂ ਨੂੰ ਸੀਵਰੇਜ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਜੈਟਿੰਗ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਸਫਾਈ ਰੱਖਣ ਵਿੱਚ ਸਾਥ ਦੇਣ ਦੀ ਅਪੀਲ ਕੀਤੀ।