ਪਟਿਆਲਾ (ਅਸ਼ਰਫ ਢੁੱਡੀ, ਭਾਰਤ ਭੂਸ਼ਨ) 


Patiala News: ਪਟਿਆਲਾ ਤੋਂ ਸਾਬਕਾ ਸਾਂਸਦ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਹੇ ਡਾ. ਧਰਮਵੀਰ ਗਾਂਧੀ ਨਾਲ ਏਬੀਪੀ ਸਾਂਝਾ ਵੱਲੋ ਵਿਸ਼ੇਸ਼ ਗੱਲਬਾਤ ਕੀਤੀ ਗਈ। ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਮੁੱਦਿਆ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਬਾਰੇ ਵੀ ਗੱਲ ਕੀਤੀ। 


ਸਵਾਲ- ਤੁਸੀਂ ਪੰਜਾਬ ਦੇ ਕਿਸਾਨਾ ਦੇ ਹੱਕ ਦੀ ਗੱਲ ਕਰਦੇ ਹੋ, ਕਿਸਾਨਾਂ ਦੀ ਗੰਨੇ ਦੀ ਫ਼ਸਲ ਦੇ ਸਮਰਥਨ ਮੁੱਲ ਦੀ ਮੰਗ ਸਬੰਧੀ ਪੰਜਾਬ ਸਰਕਾਰ ਨਾਲ ਸਹਿਮਤੀ ਬਨਣ ਦੇ ਬਾਵਜੂਦ ਵੀ ਕਿਸਾਨ ਖ਼ੁਸ਼ ਨਹੀਂ ਹਨ,  ਇਸ ਬਾਰੇ ਕੀ ਕਹੋਗੇ ?


ਧਰਮਵੀਰ ਗਾਂਧੀ - ਸਰਕਾਰ ਨੇ ਜੋ ਭਾਅ ਵਧਾਇਆ ਹੈ ਉਹ ਕਿਸਾਨਾ ਨੂੰ ਵਾਰਾ ਨਹੀ ਖਾਂਦਾ, ਦੇਸ਼ ਦੇ ਬਾਕੀ ਰਾਜਾਂ 'ਚ ਆਪ ਸਰਕਾਰ ਚੋਣ ਪ੍ਰਚਾਰ ਕਰਨ ਲਈ ਬਜਟ ਖ਼ਰਚ ਕਰ ਰਹੀ ਹੈ, ਪਰ ਸਰਕਾਰ ਕਿਸਾਨਾ ਲਈ ਗੰਨੇ ਦੀ ਫਸਲ ਲਈ ਕੁਝ ਨਹੀ ਕਰ ਰਹੀ । ਸਰਕਾਰ ਨੂੰ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। 


ਸਵਾਲ  -  ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦਿਓਗੇ ?


ਧਰਮਵੀਰ ਗਾਂਧੀ - ਮੈ ਸਰਕਾਰ ਦੀ ਕਾਰਗੁਜ਼ਾਰੀ ਨੂੰ 10 ਵਿਚੋਂ ਸਿਰਫ 3 ਨੰਬਰ ਦਿਆਂਗਾ , ਕਰਜ਼ੇ ਦਾ ਹਿਸਾਬ ਕਿਤਾਬ ਦੇਖਿਆ ਜਾਏ ਤਾ ਪੰਜਾਬ ਸਰਕਾਰ ਨੇ ਪਿਛਲੇ 2 ਸਾਲ ਵਿੱਚ 60 ਹਜ਼ਾਰ ਕਰੋੜ ਰੁਪਿਆ ਕਰਜ਼ ਲੈ ਲਿਆ ਹੈ । ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣਾਂ ਤੋ ਪਹਿਲਾਂ ਕਹਿੰਦੇ ਕੁਝ ਸੀ, ਤੇ ਹੁਣ ਕਰਦੇ ਕੁਝ ਹੋਰ ਪਏ ਹੈ , ਰੇਤਾ ਚੋ ਕੋਈ ਪੈਸਾ ਨਹੀ ਆਇਆ, ਜੋ ਕੇਜਰੀਵਾਲ ਕਹਿੰਦੇ ਸੀ , ਸਰਕਾਰੀ ਖ਼ਜ਼ਾਨਾ ਭਰ ਨਹੀ ਰਹੇ। ਸਰਕਾਰੀ ਬੱਸਾਂ ਰੈਲੀਆਂ ਵਿੱਚ ਵਰਤ ਰਹੇ ਹਨ ਨੇ ਜਿਸ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ । ਸਰਕਾਰੀ ਜਹਾਜ਼ ਲੈ ਕੇ ਕੇਜਰੀਵਾਲ ਨੂੰ ਘੁੰਮਾਉਂਦੇ ਫਿਰ ਰਹੇ ਹਨ । 


ਸਵਾਲ  - ਦੇਸ਼ ਦੇ ਚਾਰ ਸੁਬਿਆਂ ਦੀ ਚੋਣ ਵਿੱਚ ਛੱਤੀਸਗੜ੍ਹ, ਮੱਧਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਵਿੱਚ ਚੋਣ ਪ੍ਰਚਾਰ ਕੀਤਾ ਪਰ ਆਪ ਪਾਰਟੀ ਸਫਲ ਨਹੀ ਹੋਈ ਕੀ ਕਹੋਗੇ ?


ਧਰਮਵੀਰ ਗਾਂਧੀ - ਆਪ ਦਾ ਇਨਾ ਰਾਜਾਂ  ਵਿੱਚ ਕੋਈ ਕੈਡਰ ਨਹੀ ਹੈ । ਇਹ ਚੋਣ ਪ੍ਰਚਾਰ ਕਰ ਰਹੇ ਸੀ ਪਰ ਇਨ੍ਹਾਂ ਦਾ ਮਕਸਦ ਜਿੱਤਣਾ ਨਹੀ ਸੀ , ਬੀਜੇਪੀ ਦੇ ਖ਼ਿਲਾਫ਼ ਵਾਲੀਆਂ ਵੋਟਾ ਨੂੰ ਆਪਣੇ ਹੱਕ ਵਿੱਚ ਭੁਗਤਾ ਕੇ ਕਾਂਗਰਸ ਨੂੰ ਕਮਜ਼ੋਰ ਕਰਨਾ ਇਨ੍ਹਾਂ ਦਾ ਮਕਸਦ ਸੀ  ਨਾ ਕਿ ਜਿੱਤਣਾ।  


ਸਵਾਲ  - ਤੁਸੀ ਵੀ ਇਸ ਪਾਰਟੀ 'ਚ ਆਪਣੀ ਸ਼ੁਰੂਆਤ ਕੀਤੀ ਸੀ ਪਰ ਅੱਜ ਵਿਚਾਰ ਵੱਖਰੇ ਕਿਉਂ ਹੋਏ ? 


ਧਰਮਵੀਰ ਗਾਂਧੀ - ਮੈ ਤਾਂ ਇਨ੍ਹਾਂ ਦਾ ਰਵੱਈਆ ਦੇਖ ਕੇ ਪਹਿਲਾ ਹੀ ਪਾਰਟੀ ਛੱਡ ਦਿੱਤੀ ਸੀ , ਪ੍ਰਸ਼ਾਂਤ ਭੂਸ਼ਣ ਵਰਗੇ ਲੀਡਰਾਂ ਨੇ ਇਨ੍ਹਾਂ ਦੀ ਪਾਰਟੀ ਨੂੰ ਕਰੋੜਾ ਰੁਪਏ ਫੰਡ ਦਿੱਤਾ, ਉਨ੍ਹਾਂ ਨੂੰ ਇਨ੍ਹਾਂ ਨੇ ਜਲੀਲ ਕੀਤਾ । ਉਨ੍ਹਾਂ ਨਾਲ ਗੁੰਡਾਗਰਦੀ ਕੀਤੀ । ਯੋਗੇਂਦਰ ਯਾਦਵ ਵਰਗੇ ਮੋਢੀ ਨੇਤਾਵਾਂ ਨੂੰ ਇਸ ਪਾਰਟੀ ਦੇ ਲੀਡਰਾਂ ਨੇ ਜਲੀਲ ਕੀਤਾ । ਇਹ ਪਾਰਟੀ ਇੱਕ ਡਿਕਟੇਟਰ ਦੀ ਪਾਰਟੀ ਹੈ । ਕੇਜਰੀਵਾਲ ਇੱਕ ਡਿਕਟੇਟਰ ਹੈ । ਇਸ ਲਈ ਮੈ ਫਰਵਰੀ 2015 'ਚ ਪਾਰਟੀ ਛੱਡ ਦਿਤੀ ਸੀ । ਮੇਰੇ ਇਸ ਪਾਰਟੀ ਨਾਲ ਸਿਆਸੀ ਵਿਚਾਰ ਹੀ ਨਹੀ ਰਲਦੇ, ਇਹ ਪਾਰਟੀ ਬੀਜੇਪੀ ਦੀ ਬੀ ਟੀਮ ਹੈ । ਕੇਜਰੀਵਾਲ ਅੰਦਰੋ ਆਰ ਐਸ ਐਸ ਦਾ ਹੀ ਹਿਤੈਸ਼ੀ ਹੈ । 


ਸਵਾਲ  - ਕੀ ਤੁਸੀ ਆਉਣ ਵਾਲੀਆਂ ਲੋਕ ਸਭਾ ਚੋਣ ਲੜੋਗੇ ? 


ਧਰਮਵੀਰ ਗਾਂਧੀ -  ਮੈ ਉਮਰ ਪੱਖੋਂ ਵੀ ਤੇ ਸਿਹਤ ਪੱਖੋਂ ਵੀ ਮੈਂ ਸਿਆਸਤ ਵੱਲ ਜਾ ਚੋਣ ਵੱਲ ਨਹੀਂ ਜਾਣਾ । ਮੈਨੂੰ ਕਾਂਗਰਸ ਅਤੇ ਅਕਾਲੀ ਦਲ ਵਲੋ ਆਫਰ ਮਿਲੀਆ ਹੈ  ਪਰ ਮੈ ਅਜੇ ਨਹੀਂ ਸੋਚਿਆ ਕਿਸੇ ਵੀ ਪਾਸੇ ਜਾਣ ਦਾ । ਦੇਸ਼ ਦਾ ਧਾਰਮਿਕ ਧਰੁਵੀਕਰਨ ਕੀਤਾ ਜਾ ਰਿਹਾ ਹੈ । ਦੇਸ਼ ਦਾ ਸੰਘੀ ਢਾਂਚਾ ਬੀਜੇਪੀ ਵੱਲੋ ਖ਼ਤਮ ਕੀਤਾ ਜਾ ਰਿਹਾ ਹੈ । ਅੱਜ ਦੀ ਤਾਰੀਖ਼ ਵਿੱਚ ਕਾਂਗਰਸ ਦੀ ਹਾਰ ਹੋਈ ਹੈ ਪਰ ਵੋਟ ਸ਼ੇਅਰ ਕਾਂਗਰਸ ਦਾ ਜ਼ਿਆਦਾ ਹੈ । ਪੰਜਾਬ ਤੇ ਪੰਜਾਬ ਤੋਂ ਬਾਹਰ ਮੈ ਕਾਂਗਰਸ ਦੇ ਹੱਕ ਵਿੱਚ ਰਹਾਂਗਾ। ਬੀਜੇਪੀ ਦੇਸ਼ ਦੀ ਵਿਲਖਣਤਾ ਨੂੰ ਖ਼ਤਮ ਕਰ ਰਹੀ ਹੈ ਤੇ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗ ਰਹੀ ਹੈ । ਦੇਸ਼ ਦੀ ਭਾਈਚਾਰਕ ਸਾਂਝ ਨੂੰ ਖ਼ਤਰਾ ਪੈਦਾ ਕੀਤਾ ਜਾ ਰਿਹਾ ਹੈ । 


 ਸਵਾਲ  - ਅਫ਼ੀਮ ਦੀ ਖੇਤੀ ਬਾਰੇ ਤੁਸੀ ਅਕਸਰ ਬਿਆਨ ਦਿੰਦੇ ਹੋ, ਅਜਿਹਾ ਕਿਉਂ  ? 


ਧਰਮਵੀਰ ਗਾਂਧੀ -  ਪਹਿਲੀ ਗੱਲ ਇਹ ਹੈ ਕਿ ਮੈਂ ਅਫ਼ੀਮ ਦੀ ਖੇਤੀ ਦੀ ਕਦੇ ਵੀ ਵਕਾਲਤ ਨਹੀਂ ਕੀਤੀ।  ਮੈ ਅਫ਼ੀਮ ਦੇ ਜਾਂ ਡੋਡੇਆ ਦੇ ਠੇਕੇ ਖੋਲਣ ਦੀ ਵਕਾਲਤ ਕੀਤੀ ਹੈ, ਉਹ ਵੀ ਸ਼ਰਾਬ ਦੀ ਵਿਕਰੀ ਦੀ ਤਰਜ 'ਤੇ।  ਅਫੀਮ ਅਤੇ ਭੁੱਕੀ ਹਜ਼ਾਰਾਂ ਸਾਲਾਂ ਤੋਂ ਪੰਜਾਬ ਦੇ ਲੋਕ ਪਿੰਡਾਂ 'ਚ ਅਫੀਮ ਭੁਕੀ ਖਾਂਦੇ ਰਹੇ ਹਨ, ਉਹ ਕਦੇ ਵੀ ਮਰੇ ਨਹੀ ਅਤੇ ਤੰਦਰੁਸਤ ਰਹੇ ਨੇ । ਅਮਰੀਕਾ ਅਤੇ ਕੈਨੇਡਾ ਵਿੱਚ ਹੁਣ ਭੰਗ ਖੋਲ ਦਿੱਤੀ ਗਈ ਹੈ, ਪਹਿਲਾਂ ਉੱਥੇ ਵੀ ਭੰਗ ਬੈਨ ਸੀ। ਪੰਜਾਬ ਵਿੱਚ ਭੰਗ ਹਰ ਖੇਤ 'ਚ ਉੱਗਦੀ ਹੈ ਇਥੇ ਹਰ ਰਾਹ ਵਿੱਚ ਭੰਗ ਦਾ ਬੁਟਾ ਦੇਖਣ ਨੂੰ ਮਿਲ ਜਾਂਦਾ ਹੈ । ਤੁਸੀਂ ਦੱਸੋ ਕਿੰਨਾ ਕੁ ਪੰਜਾਬ ਭੰਗ ਖਾਂਦਾ ਹੈ। ਜੇ ਕਰ ਕੋਈ ਚੀਜ ਆਮ ਮਿਲੇਗੀ ਜ਼ਰੂਰੀ ਨਹੀ ਕਿ ਉਹ ਸਾਰੇ ਖ਼ਰੀਦਣਗੇ ਜਾ ਖਾਣਗੇ । ਜਿਹੜੇ ਨਸ਼ੇ ਘਾਤਕ ਨਸ਼ੇ ਹੈ ਉਹ ਖ਼ਤਮ ਹੋ ਨਹੀ ਰਹੇ । ਚਿੱਟਾ ਪੰਜਾਬ ਚੋ ਖ਼ਤਮ ਹੋ ਨਹੀ ਰਿਹਾ । ਚਿੱਟੇ ਵਰਗੇ ਘਾਤਕ ਨਸ਼ਾ ਪੰਜਾਬ ਚੋ ਨਿਕਲ ਨਹੀ ਰਿਹਾ । ਉਸਨੂੰ ਖ਼ਤਮ ਕਰਨ ਲਈ ਭੁੱਕੀ ਤੇ ਅਫ਼ੀਮ ਦਾ ਠੇਕਾ ਖੋਲਣਾ ਜ਼ਰੂਰੀ ਹੈ । 


 ਸਵਾਲ  -  ਮੁਹੱਲਾ ਕਲੀਨਿਕ ਬਾਰੇ ਤੁਹਾਡੇ ਕੀ ਵਿਚਾਰ   ? 


ਧਰਮਵੀਰ ਗਾਂਧੀ - ਮੁਹੱਲਾ ਕਲੀਨਿਕ ਇੱਕ ਡਰਾਮੇਬਾਜ਼ੀ ਹੈ। ਕੇਜਰੀਵਾਲ ਦੀ ਰੂਹ ਨੂੰ ਪੱਠੇ ਪਾਉਣ ਲਈ ਇਹ ਖੋਲੇ ਗਏ ਹੈ। ਮੁਹੱਲਾ ਕਲੀਨਿਕ ਸਵੇਰੇ 9 ਵਜੇ ਤੋ ਦੁਪਿਹਰ 3 ਵਜੇ ਤੱਕ ਖੁੱਲਦੇ ਹਨ । ਜੇ ਕਿਸੇ ਮਰੀਜ਼ ਨੂੰ ਦਵਾਈ ਦੀ ਲੋੜ ਹੈ ਉਹ 3 ਵਜੇ ਤੋਂ ਬਾਅਦ ਕਿੱਥੇ ਦਵਾਈ ਲੈਣ ਜਾਏਗਾ ਜਾਂ ਫਿਰ 9 ਵਜੇ ਤੋ ਪਹਿਲਾਂ ਕੋਈ ਐਮਰਜੈਂਸੀ ਪੈ ਗਈ ਤਾ ਮਰੀਜ਼ ਕਿੱਥੇ ਦਵਾਈ ਲੈਣ ਜਾਏਗਾ। ਮੁਹੱਲਾ ਕਲੀਨਿਕ 'ਚ ਡਾਕਟਰ ਫਰਜ਼ੀ ਕਰਕੇ ਮਰੀਜ਼ੀ ਦੀ ਗਿਣਤੀ ਬਣਾ ਰਹੇ ਹਨ । 


ਸਵਾਲ  -   ਸਰਕਾਰਾਂ ਕਿਸਾਨਾਂ ਦੇ ਮੁੱਦਿਆ ਨੂੰ ਹੱਲ ਕਿਉਂ ਨਹੀਂ ਕਰ ਰਹੀਆਂ   ? 


ਧਰਮਵੀਰ ਗਾਂਧੀ -  ਦੇਸ਼ ਦੀ ਜੀਡੀਪੀ 'ਚ 37 ਫਿਸਦੀ ਹਿੱਸਾ ਖੇਤੀ ਚੋ ਆਉਂਦਾ ਸੀ ਅੱਜ ਦੇ ਸਮੇ ਇਹ ਘਟ ਕੇ 13 ਫੀਸਦੀ ਤੇ ਪਹੁੰਚ ਗਿਆ ਹੈ । ਹੁਣ ਅੱਜ ਕੱਲ ਜੀਡੀਪੀ ਦਾ ਜ਼ਿਆਦਾਤਰ ਹਿੱਸਾ ਟੈਲੀਕੋਮ ਸੈਕਟਰ , ਆਈ ਟੀ ਸੈਕਟਰ ਅਤੇ ਬਾਕੀ ਇੰਡਸਟਰੀ ਤੋ ਆ ਰਿਹਾ ਹੈ । ਖੇਤੀ ਸੈਕਟਰ ਪਿੱਛੇ ਹੋ ਗਿਆ ਹੈ । ਸਰਕਾਰਾਂ ਚਾਹੇ ਕਾਂਗਰਸ ਦੀ ਰਹੀਆਂ ਹੋਣ ਜਾ ਬੀਜੇਪੀ ਦੀਆਂ ਰਹੀਆਂ ਹੋਵੇ, ਦੋਨਾਂ ਨੇ ਕਿਸਾਨਾਂ ਨੂੰ ਠੁਠਾ ਫੜਨ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਨੇ ਆਪਣਾ ਪਾਣੀ ਖਤਮ ਕਰ ਲਿਆ, ਪਰ ਦੇਸ਼ ਦਾ ਢਿੱਡ ਭਰਿਆ ਹੈ।  ਪੰਜਾਬ ਅੱਜ ਪਾਣੀ ਦੇ ਪੱਖੋ ਸੰਕਟ ਵਿੱਚ ਜਾ ਰਿਹਾ ਹੈ । ਹੁਣ ਇਥੇ ਫਸਲੀ ਚੱਕਰ ਬਦਲਣ ਦੀ ਲੋੜ ਹੈ । ਕੈਂਦਰ ਸਰਕਾਰ ਨੂੰ 50 ਹਜ਼ਾਰ ਰੁਪਏ ਦਾ ਕਾਰਪੋਸ ਫੰਡ ਖੜਾ ਕਰਨਾ ਚਾਹੀਦਾ ਹੈ । ਕਿਸਾਨਾਂ ਨੂੰ ਗਾਰੰਟੀ ਦੇਣੀ ਪੈਣੀ ਹੈ, ਪਰ ਸਿਰਫ ਪੰਜਾਬ ਸਰਕਾਰ ਗੰਰਟੀ ਨਹੀ ਦੇ ਸਕਦੀ । ਅੱਜ ਪੰਜਾਬ ਦੇਸ਼ ਭਰ ਚੋਂ ਆਰਥਿਕਤਾ ਦੇ ਗਰਾਫ ਤੇ 17 ਵੇਂ ਨੰਬਰ ਤੇ ਚਲਾ ਗਿਆ ਹੈ । ਪੰਜਾਬ ਦੀ ਇਸ ਹਾਲਤ ਲਈ ਕਾਂਗਰਸ ਅਤੇ ਬੀਜੇਪੀ ਦੋਨਾਂ ਸਰਕਾਰਾਂ ਦਾ ਹੱਥ ਹੈ । ਕਿਸਾਨਾ ਨੂੰ ਨੌਜਵਾਨਾ ਨੂੰ ਕਿਸੇ ਵੀ ਪਾਰਟੀ 'ਤੇ ਯਕੀਨ ਨਹੀ ਰਿਹਾ ।


ਸਵਾਲ- ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਜਾ ਰਹੇ ਹਨ, ਕੈਨੇਡਾ ਨੇ ਫੀਸ ਦੁਗਣੀ ਕਰ ਦਿੱਤੀ ਹੈ । 


ਧਰਮਵੀਰ ਗਾਂਧੀ-ਕੈਨੇਡਾ ਨੂੰ ਪਤਾ ਲੱਗ ਗਿਆ ਹੈ ਕਿ ਨੌਜਵਾਨ ਕੈਨੇਡਾ ਆਉਣਾ ਚਾਹੁੰਦੇ ਹੈ । ਉਨ੍ਹਾਂ ਨੂੰ ਵੀ ਸਸਤੀ ਲੇਬਰ ਦੀ ਲੋੜ ਹੈ । ਹੁਣ ਤਾਂ ਪੰਜਾਬ ਦੇ ਅਣਪੜ ਲੋਕ ਵੀ ਜਾ ਰਹੇ ਹਨ । ਆਈਲੈਟਸ ਕੋਈ ਪੜਾਈ ਥੋੜੀ ਹੈ । ਸਾਰਾ ਪੰਜਾਬ ਆਈਲੈਟਸ ਕਰਕੇ ਜਾ ਰਹੇ ਹਨ । ਹੁਣ ਜੋ ਪੰਜਾਬ ਦੇ ਨੌਜਵਾਨ ਕੈਨੇਡਾ ਜਾ ਰਹੇ ਹਨ ਕਿਸਾਨਾ ਦੇ ਪੁੱਤ ਜਾ ਰਹੇ ਹਨ ਉੱਥੇ ਜਾ ਕੇ ਦਿਹਾੜੀ ਕਰਦੇ ਹਨ । ਮੈ ਕਹਾਂਗਾ ਕਿ ਕਾਂਗਰਸ ਅਤੇ ਬੀਜੇਪੀ ਦੋਨਾ ਸਰਕਾਰਾ ਨੇ ਪੰਜਾਬ ਨੂੰ ਇਸ ਹਾਲਾਤ ਵਿੱਚ ਸੁੱਟਿਆ ਹੈ । ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਸਾਧਨਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ । ਇਹ ਪੰਜਾਬ ਦੇ ਲੋਕਾ ਨੂੰ ਸੋਚਣ ਸਮਝਣ ਦੀ ਜ਼ਰੂਰਤ ਹੈ । ਪੰਜਾਬ ਨੂੰ ਜਿਉਂਦਾ ਰੱਖਣਾ ਸਾਡਾ ਸਭ ਦਾ ਫਰਜ਼ ਹੈ ।  ਮੈਨੂੰ ਲਗਦਾ ਹੈ ਕਿ ਆਉਣ ਵਾਲੇ 15 ਸਾਲਾ ਵਿੱਚ ਮਿੰਨੀ ਪੰਜਾਬ ਕੈਨੇਡਾ ਅਮਰੀਕਾ ਆਸਟਰੇਲਿਆ ਨਿਉਜੀਲੈੰਡ ਵਿੱਚ ਬਣ ਜਾਣਾ ਹੈ । ਪੰਜਾਬ ਜਿਸ ਵਿਚ ਅਸੀ ਜੰਮੇ ਪਲੇ ਹਾ ਉਹ ਖ਼ਤਮ ਹੁੰਦਾ ਜਾ ਰਿਹਾ ਹੈ । ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਪਰਵਾਸ ਹੋ ਰਿਹਾ ਹੈ ।