ਗਗਨਦੀਪ ਸ਼ਰਮਾ


ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਫਲਾਈਟਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਤਹਿਤ ਚੱਲਦਿਆਂ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ 'ਤੇ ਅੱਜ ਸਵੇਰੇ ਸੱਤ ਵਜੇ ਏਅਰ ਇੰਡੀਆ ਦੀ ਵਿਸ਼ੇਸ਼ ਫਲਾਈਟ 200 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਲੈ ਕੇ ਅੰਮ੍ਰਿਤਸਰ ਪਹੁੰਚੀ।


ਇਸ ਫਲਾਇਟ 'ਚ ਜ਼ਿਆਦਾਤਰ ਪੰਜਾਬ ਦੇ ਵਸਨੀਕ ਸਨ ਜਦ ਕਿ ਹਰਿਆਣਾ, ਹਿਮਾਚਲ ਤੇ ਜੰਮੂ ਦੇ ਵੀ ਕੁਝ ਨਾਗਰਿਕ ਇਸ ਫਲਾਈਟ 'ਚ ਪੁੱਜੇ। ਫਲਾਇਟ ਪਹੁੰਚਣ ਵੇਲੇ ਅੰਮ੍ਰਿਤਸਰ ਏਅਰਪੋਰਟ 'ਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਹੁੰਚੀਆਂ ਆਈਆਂ ਸਨ।


ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਾਰੇ ਮੁਸਾਫਰਾਂ ਨੂੰ ਜ਼ਿਲ੍ਹੇ ਵਾਰ ਆਪੋ-ਆਪਣੇ ਕੁਆਰਨਟਾਈਨ ਸੈਂਟਰਾਂ ਦੇ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਸਾਫ਼ਰਾਂ ਦੇ ਰਿਸ਼ਤੇਦਾਰ ਆਪਣੇ ਵਤਨ ਪਰਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ 'ਤੇ ਏਅਰਪੋਰਟ ਤੇ ਪਹੁੰਚੇ ਸਨ।


ਹਾਲਾਂਕਿ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੁਸਾਫ਼ਰਾਂ ਨੂੰ ਏਅਰਪੋਰਟ ਤੋਂ ਸਿੱਧਾ ਕੁਆਰਨਟਾਈਨ ਸੈਂਟਰਾਂ 'ਚ ਰਵਾਨਾ ਕਰ ਦਿੱਤਾ ਗਿਆ। ਅੰਮ੍ਰਿਤਸਰ ਏਅਰਪੋਰਟ ਪੁੱਜੇ ਐਗਜ਼ੈਕਟਿਵ ਮੈਜਿਸਟ੍ਰੇਟ ਜਗਸੀਰ ਸਿੰਘ ਨੇ ਦੱਸਿਆ ਕਿ ਸਾਰੇ ਦੋ ਸੌ ਮੁਸਾਫਰਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਹੀ ਕੁਆਰਨਟਾਈਨ ਸੈਂਟਰਾਂ 'ਚ ਭੇਜਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਸਾਫ਼ਰਾਂ ਦੇ ਰਿਸ਼ਤੇਦਾਰਾਂ ਨੇ ਪੇਡ ਕੁਆਰੰਟਾਈਜੇਸ਼ਨ 'ਤੇ ਇਤਰਾਜ਼ ਜਤਾਇਆ।